ਨਵੀਂ ਦਿੱਲੀ, 5 ਜੁਲਾਈ (ਜਗਤਾਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਕਰਨਾਟਕ,ਗੋਆ ਤੇ ਗੁਜਰਾਤ ਦੇ ਆਨਰੇਰੀ ਇੰਚਾਰਜ ਰਾਮ ਸਿੰਘ ‘ਬੰਬੇ’ (ਚੇਅਰਮੈਨ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ) ਨੇ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ ਹੈ, ਜਿਸ ਵਿਚ ਕੋਰਟ ਨੇ ਦੋ-ਪਹੀਆ ਵਾਹਨ ਚਲਾਉਣ ਸਮੇਂ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਮਿਲੀ ਕਾਨੂੰਨੀ ਛੋਟ ਨੂੰ ਬਰਕਰਾਰ ਰੱਖਿਆ ਹੈ ਅਤੇ ਇਸ ਦੇ ਵਿਰੁੱਧ ਦਾਇਰ ਇੱਕ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ । ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਰਾਮ ਸਿੰਘ ਬੰਬੇ ਨੇ ਕਿਹਾ ਕਿ ਇਹ ਫ਼ੈਸਲਾ ਕੌਮ ਦੀ ਧਾਰਮਿਕ ਪਛਾਣ,ਦਸਤਾਰ ਦੀ ਮਾਣ-ਮਰਿਆਦਾ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਜਿੱਤ ਹੈ । ਦੱਸਣਯੋਗ ਹੈ ਕਿ ਸਿੱਖਾਂ ਨੂੰ ਦੋ-ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣ ਤੋਂ ਮਿਲੀ ਛੋਟ ਨੂੰ ਇੱਕ ਵਿਦਿਆਰਥੀ ਵੱਲੋਂ ਚੁਨੌਤੀ ਦਿੱਤੀ ਗਈ ਸੀ ਪਰ ਨਾਗਪੁਰ ਬੈਂਚ ਦੀ ਜਸਟਿਸ ਉਰਮਿਲਾ ਜੋਸ਼ੀ ਫਾਲਕੇ ਅਤੇ ਜਸਟਿਸ ਨਿਵੇਦਿਤਾ ਮਹਿਤਾ ਦੀ ਬੈਂਚ ਨੇ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਦਸਤਾਰਧਾਰੀ ਸਿੱਖਾਂ ਨੂੰ ਇਹ ਛੋਟ ਧਰਮ ਦੇ ਆਧਾਰ ’ਤੇ ਨਹੀਂ ਬਲਕਿ ਉਚਿਤ ਵਰਗੀਕਰਨ ਦੇ ਆਧਾਰ ’ਤੇ ਦਿੱਤੀ ਗਈ ਹੈ । ਰਾਮ ਸਿੰਘ ਬੰਬੇ ਨੇ ਕਿਹਾ ਕਿ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਵਾਲੇ ਕਾਨੂੰਨੀ ਪ੍ਰਬੰਧ ਨੂੰ ਬਰਕਰਾਰ ਰੱਖਣਾ ਸੰਵਿਧਾਨਕ ਅਤੇ ਨਿਆਂ ਸੰਗਤ ਹੈ । ਉਨ੍ਹਾਂ ਕਿਹਾ ਕਿ ਕੋਰਟ ਵੱਲੋਂ ਦਿੱਤਾ ਗਿਆ ਇਹ ਫ਼ੈਸਲਾ ਨਾ ਸਿਰਫ਼ ਸੰਵਿਧਾਨਕ ਮੁੱਲਾਂ ਨੂੰ ਮਜ਼ਬੂਤ ਕਰਦਾ ਹੈ,ਸਗੋਂ ਭਾਰਤ ਦੀ ਧਾਰਮਿਕ ਵਿਭਿੰਨਤਾ ਅਤੇ ਆਪਸੀ ਸਤਿਕਾਰ ਦੀ ਪਰੰਪਰਾ ਨੂੰ ਵੀ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ, ਜਿਹੜੇ ਕੁੱਝ ਲੋਕ ਸਿੱਖਾਂ ਵਿਰੁੱਧ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰਨ ਜਾਂ ਉਨ੍ਹਾਂ ਦੀ ਧਾਰਮਿਕ ਪਛਾਣ ਨੂੰ ਨਿਸ਼ਾਨਾਂ ਬਣਾਉਣ ਦੀ ਸੋਚ ਰੱਖਦੇ ਹਨ,ਉਨ੍ਹਾਂ ਨੂੰ ਆਪਣੀ ਇਸ ਮਾੜੀ ਸੋਚ ਨੂੰ ਤਿਆਗਣ ਦੀ ਲੋੜ ਹੈ ।