ਟੋਹਾਣਾ, 7 ਜੁਲਾਈ (ਮਨਜੀਤ ਸਿੰਘ)- ਟੋਹਾਣਾ ਦੇ ਯੋਗ ਆਸ਼ਰਮ ਨੇੜੇ ਲੰਘ ਰਹੀ ਫਤਿਹਾਬਾਦ ਡਿਸਟ੍ਰੀਬਿਊਟਰ ਨਹਿਰ ਵਿੱਚ ਪਾਣੀ ਸਪਲਾਈ ਦੀ ਪਾਈਪ ਲਾਈਨ ਵਿੱਚ ਬੰਦ ਬੋਰੀ ਫਸ ਜਾਣ ਕਾਰਨ ਇਲਾਕੇ ਵਿੱਚ ਤੇਜ਼ ਬਦਬੂ ਫੈਲ ਗਈ। ਬਦਬੂ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰ ਅਤੇ ਰਾਹਗੀਰ ਪਰੇਸ਼ਾਨ ਹੋ ਗਏ। ਲੋਕਾਂ ਨੂੰ ਸ਼ੱਕ ਹੋਇਆ ਕਿ ਕਿਤੇ ਬੋਰੀ ਵਿੱਚ ਕਿਸੇ ਵਿਅਕਤੀ ਦੀ ਲਾਸ਼ ਤਾਂ ਨਹੀਂ। ਇਸ ਤੋਂ ਬਾਅਦ ਡਾਇਲ 112 ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਮਾਜ ਸੇਵੀ ਤੇ ਜੰਗਲੀ ਜੀਵ ਰੈਸਕਿਊਕਰਤਾ ਨਵਜੋਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਨੂੰ ਵੀ ਬੁਲਾਇਆ ਗਿਆ। ਪੁਲਿਸ ਅਤੇ ਨਵਜੋਤ ਸਿੰਘ ਢਿੱਲੋਂ ਦੀ ਟੀਮ ਨੇ ਬੋਰੀ ਨੂੰ ਬਾਹਰ ਕੱਢ ਕੇ ਜਾਂਚ ਕੀਤੀ। ਬੋਰੀ ਖੋਲ੍ਹਣ ‘ਤੇ ਉਸ ਵਿੱਚ ਕਿਸੇ ਵਿਅਕਤੀ ਦੀ ਲਾਸ਼ ਨਹੀਂ, ਸਗੋਂ ਕਰੀਬ 50 ਕਿਲੋਗ੍ਰਾਮ ਮਰੇ ਹੋਏ ਮੁਰਗੇ ਮਿਲੇ। ਇਸ ਤੋਂ ਇਲਾਵਾ ਨਹਿਰ ਵਿੱਚ ਇੱਕ ਮਰਿਆ ਹੋਇਆ ਕੁੱਤਾ ਵੀ ਪਿਆ ਮਿਲਿਆ, ਜਿਸ ਕਾਰਨ ਇਲਾਕੇ ਵਿੱਚ ਬਦਬੂ ਫੈਲ ਰਹੀ ਸੀ। ਨਵਜੋਤ ਸਿੰਘ ਢਿੱਲੋਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਮਰੇ ਹੋਏ ਪਸ਼ੂ-ਪੰਛੀਆਂ ਨੂੰ ਨਹਿਰ ਵਿੱਚ ਸੁੱਟ ਕੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਇਹ ਨਹਿਰ ਦਾ ਪਾਣੀ ਅੱਗੇ ਲੋਕਾਂ ਤੱਕ ਪੀਣ ਵਾਲੇ ਪਾਣੀ ਵਜੋਂ ਪਹੁੰਚਦਾ ਹੈ, ਇਸ ਲਈ ਅਜਿਹੀਆਂ ਹਰਕਤਾਂ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੇ ਭਰੋਸੇ ਨਾ ਰਹਿਣ, ਸਗੋਂ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝੇ। ਜੇ ਕੋਈ ਵਿਅਕਤੀ ਨਹਿਰ ਜਾਂ ਹੋਰ ਜਲ ਸਰੋਤਾਂ ਵਿੱਚ ਗੰਦਗੀ ਜਾਂ ਮਰੇ ਹੋਏ ਪਸ਼ੂ-ਪੰਛੀ ਸੁੱਟਦਾ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਜਾਂ ਸੰਬੰਧਿਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਸਾਫ਼ ਪਾਣੀ ਅਤੇ ਸਾਫ਼ ਵਾਤਾਵਰਣ ਬਣਾਈ ਰੱਖਣਾ ਸਾਡੇ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।
ਟੋਹਾਣਾ ਫਤਿਹਾਬਾਦ ਡਿਸਟ੍ਰੀਬਿਊਟਰ ਨਹਿਰ ’ਚ ਫਸੀ ਬੰਦ ਬੋਰੀ ਤੋਂ ਫੈਲੀ ਬਦਬੂ, ਅੰਦਰੋਂ ਮਿਲੇ ਮਰੇ ਹੋਏ ਮੁਰਗੇ
ਅਜੀਤ ਡੈਸਕ
08-07-2026