ਨਵੀਂ ਦਿੱਲੀ, 7 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਨੇ ਪਿਛਲੇ ਦਿਨਾਂ ਤੋਂ ‘ਵੀ-ਕੇਅਰ’ ਨਾਂਅ ਦੀ ਇਕ ਮੁਹਿੰਮ ਸਕੂਲਾਂ ਵਿਚ ਸ਼ੁਰੂ ਕੀਤੀ ਹੋਈ ਹੈ ਅਤੇ ਨਾਲ ਹੀ ਬਾਲ ਸੁਰੱਖਿਆ ਪ੍ਰਤੀ ਸਕੂਲਾਂ ਦੇ ਬੱਚਿਆਂ ਨੂੰ ਜਾਣਕਾਰੀ ਦੇ ਰਹੀ ਹੈ। ਪੁਲਿਸ ਵਲੋਂ ਇਕ ਅਜਿਹਾ ਹੀ ਪ੍ਰੋਗਰਾਮ ਅਮਲਵਾਸ, ਜਵਾਲਾਪੁਰੀ, ਸੀ.ਐਮ. ਆਦਿ ਸਕੂਲਾਂ ’ਚ ਕੀਤਾ ਗਿਆ, ਜਿਸ ਵਿਚ ਬੱਚਿਆਂ ਨੂੰ ਜਾਗਰੂਕਤਾ ਸੈਸ਼ਨ, ਵਿਹਾਰਕ ਪ੍ਰਦਰਸ਼ਨ ਅਤੇ ਇੰਟਰਐਕਟਿਵ ਗਤੀਵਿਧੀਆਂ ਦੇ ਮਿਸ਼ਰਣ ਰਾਹੀਂ ਨਿੱਜੀ ਸੁਰੱਖਿਆ, ਸੜਕ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਦਿੱਲੀ ਪੁਲਿਸ ਆਰਕੈਸਟਰਾ ਬੈਂਡ ਦਾ ਵੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਐਸ.ਪੀ.ਯੂ.ਡਬਲਿਊ.ਏ.ਸੀ. ਦੀ ਟੀਮ ਨੇ ਸਵੈ-ਰੱਖਿਆ ਦੇ ਪ੍ਰਤੀ ਜਾਣਕਾਰੀ ਦਿੱਤੀ, ਜਿਸ ਵਿਚ ਚੁਣੌਤੀਪੂਰਨ ਸਥਿਤੀਆਂ ਵਿਚ ਬੱਚਿਆਂ ਦੇ ਵਿਸ਼ਵਾਸ ਅਤੇ ਬੁਨਿਆਦੀ ਸਵੈ-ਰੱਖਿਆ ਤਕਨੀਕਾਂ ਬਾਰੇ ਚਾਨਣਾ ਪਾਇਆ ਗਿਆ। ਟ੍ਰੈਫ਼ਿਕ ਜਾਗਰੂਕਤਾ ਵੈਨ ਰਾਹੀਂ ਵਿੱਦਿਅਕ ਆਡੀਓ-ਵਿਜ਼ੂਅਲ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ। ਸਾਈਬਰ ਪੁਲਿਸ ਸਟੇਸ਼ਨ ਦੇ ਸਟਾਫ਼ ਨੇ ਆਨਲਾਈਨ ਘੁਟਾਲਿਆ, ਡਿਜੀਟਲ ਧੋਖਾਧੜੀ ਦੇ ਖ਼ਤਰਿਆਂ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ। ਇਸ ਮੌਕੇ ’ਤੇ ਕੁਇਜ਼ ਪ੍ਰਸ਼ਨਾਵਲੀ ਦਾ ਆਯੋਜਨ ਵੀ ਕੀਤਾ ਗਿਆ। ਇਸ ਪ੍ਰੋਗਰਾਮ ਵਿਚ 200 ਤੋਂ ਵੱਧ ਲੜਕੀਆਂ, ਅਧਿਆਪਕਾਂ ਤੇ ਸਟਾਫ਼ ਨੇ ਭਾਗ ਲਿਆ।
ਦਿੱਲੀ ਪੁਲਿਸ ਨੇ ਬਾਲ ਸੁਰੱਖਿਆ ਪ੍ਰਤੀ ਸਕੂਲੀ ਬੱਚਿਆਂ ਨੂੰ ਦਿੱਤੀ ਜਾਣਕਾਰੀ
ਅਜੀਤ ਡੈਸਕ
08-07-2026