ਨਵੀਂ ਦਿੱਲੀ, 8 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਮੌਨਸੂਨ ਆਉਣ ਤੋਂ ਪਹਿਲਾਂ ਬਾਰਿਸ਼ ਦੇ ਪਾਣੀ ਦੇ ਨਿਕਾਸ ਲਈ ਵੱਖ-ਵੱਖ ਵਿਭਾਵਾਂਨੇ ਆਪਣੀਆਂ ਤਿਆਰੀਆਂ ਤਾਂ ਕਰ ਲਈਆਂ ਸਨ ਪ੍ਰੰਤੂ ਇਕ ਦਿਨ ਦੀ ਹੋਈ ਬਾਰਿਸ਼ ਨੇ ਸਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਨਾਲ ਹੀ ਲੋਕਾਂ ਦੀਆਂ ਮੁਸੀਬਤਾਂ ਦਾ ਪਿਟਾਰਾ ਵੀ ਖੁੱਲ੍ਹ ਗਿਆ ਹੈ। ਦਿੱਲੀ ਅਤੇ ਐਨ. ਸੀ. ਆਰ. ਦੇ ਵਿਚ ਅਨੇਕਾਂ ਥਾਵਾਂ ’ਤੇ ਪਾਣੀ ਭਰ ਗਿਆ ਹੈ। ਦਿੱਲੀ, ਜੈਪੁਰ ਹਾਈਵੇ ’ਤੇ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਇਸ ਦੇ ਨਾਲ ਹੀ ਦਿੱਲੀ ਦੀਆਂ ਮੁੱਖ ਸੜਕਾਂ ’ਤੇ ਗੱਡੀਆਂ ਟਰੈਫਿਕ ਜਾਮ ਵਿਚ ਫਸ ਗਈਆਂ। ਇਸ ਟਰੈਫਿਕ ਜਾਮ ਦੇ ਵਿਚ ਲੋਕ ਲੋਕਲ ਬੱਸ ਅੱਡਿਆਂ ’ਤੇ ਖੜ੍ਹੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਸਨ, ਪ੍ਰੰਤੂ ਬੱਸਾਂ ਵੀ ਟਰੈਫਿਕ ਜਾਮ ਦੇ ਵਿਚ ਫਸ ਕੇ ਰਹਿ ਗਈਆਂ। ਸਦਰ ਬਾਜ਼ਾਰ ਦੇ ਤੇਲੀਵਾੜਾ ਇਲਾਕੇ ਵਿਚ ਪਾਣੀ ਭਰ ਜਾਣ ’ਤੇ ਲੋਕਾਂ ਦੀਆਂ ਗੱਡੀਆਂ ਬੰਦ ਹੋ ਗਈਆਂ ਅਤੇ ਲੋਕ ਗੱਡੀਆਂ ਨੂੰ ਧੱਕਾ ਲਗਾ ਕੇ ਇਧਰ ਉਧਰ ਲੈ ਕੇ ਗਏ। ਬੁਰਾੜੀ ਦੇ ਇਲਾਕੇ ਵਿਚ ਡੀ. ਟੀ. ਸੀ. ਬੱਸ ਸੜਕ ’ਤੇ ਟੋਏ ਵਿਚ ਫਸ ਗਈ ਅਤੇ ਲੋਕਾਂ ਨੇ ਟਰੈਕਟਰ ਤੇ ਜੇ. ਸੀ. ਬੀ. ਲਗਾ ਕੇ ਬੱਸ ਉਥੋਂ ਕੱਢੀ। ਦਫ਼ਤਰਾਂ, ਸਕੂਲਾਂ, ਕਾਲਜਾਂ, ਪ੍ਰਾਈਵੇਟ ਦਫ਼ਤਰਾਂ ਵਿਚ ਜਾਣ ਵਾਲੇ ਲੋਕ ਵੀ ਆਪਣੇ ਥਾਵਾਂ ’ਤੇ ਲੇਟ ਪੁੱਜੇ। ਬਾਰਿਸ਼ ਦਾ ਪਾਣੀ ਆਈ. ਟੀ. ਓ., ਆਸ਼ਰਮ ਚੌਕ, ਸਰਾਏ ਕਾਲੇ ਖਾਂ, ਪੀਰਾਗੜ੍ਹੀ, ਪੰਜਾਬੀ ਬਾਗ, ਵਿਕਾਸ ਮਾਰਗ, ਮਿੰਟੋ ਬਿ੍ਜ, ਰਿੰਗ ਰੋਡ, ਜਨਕਪੁਰੀ, ਉੱਤਮ ਨਗਰ, ਨਵਾਦ, ਲਕਸ਼ਮੀ ਨਗਰ, ਕਰੋਲ ਬਾਗ, ਰੋਹਿਣੀ, ਅਜ਼ਾਦਪੁਰ ਆਦਿ ਥਾਵਾਂ ’ਤੇ ਭਰ ਗਿਆ।