ਜਲੰਧਰ, 25 ਫਰਵਰੀ (ਸ਼ੈਲੀ) - ਜਲੰਧਰ 'ਚ ਫਗਵਾੜਾ ਗੇਟ ਵਿਖੇ ਇਲੈਕਟ੍ਰੀਕਲ ਸਾਮਾਨ ਦੀ ਦੁਕਾਨਾਂ ਦੀ ਮਾਰਕੀਟ ਵਿਖੇ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਮੰਗਲਵਾਰ ਤੇ ਬੁੱਧਵਾਰ ਦੀ ਦੇਰ ਰਾਤ ਨਿਸ਼ਾਨਾ ਬਣਾਉਂਦੇ ਹੋਏ ਕੈਸ਼ ਤੇ ਸਾਮਾਨ ਚੋਰੀ ਕਰ ਲਿਆ | ਤਿੰਨੋਂ ਦੁਕਾਨਾਂ ਇਕ ਦੂਜੇ ਦੇ ਨਾਲ ਹੀ ਹਨ | ਚੋਰ ਦੁਕਾਨ ਦੀ ਉੱਪਰ ਵਾਲੀਆਂ ਮੰਜ਼ਿਲਾਂ ਰਾਹੀਂ ਦੁਕਾਨ 'ਚ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ | ਜਾਣਕਾਰੀ ਦਿੰਦੇ ਹੋਏ ਭੱਲਾ ਐਂਡ ਕੰਪਨੀ ਦੇ ਮਾਲਕ ਦਕਸ਼ਿਨ ਲਾਲ ਬੱਲਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਦੁਕਾਨ 'ਤੇ ਆਏ ਤਾਂ ਦੁਕਾਨ ਦਾ ਗੱਲਾ ਖੁੱਲ੍ਹਾ ਸੀ ਤੇ ਡੀ.ਵੀ.ਆਰ. ਟੁੱਟਿਆ ਪਿਆ ਸੀ | ਜਦੋਂ ਜਾਂਚ ਕੀਤੀ ਤਾਂ ਦੁਕਾਨ ਦੀਆਂ ਉੱਪਰ ਵਾਲੀਆਂ ਮੰਜ਼ਿਲਾਂ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਚੋਰੀ ਹੋ ਗਏ ਸਨ | ਚੋਰ ਕੈਸ਼ ਕਾਊਾਟਰ 'ਚੋਂ ਕਰੀਬ 30 ਹਜ਼ਾਰ ਰੁਪਏ ਲੈ ਗਏ ਸਨ | ਇਸੇ ਤਰ੍ਹਾਂ ਹੀ ਨਾਲ ਹੀ ਲਗਦੀ ਇਕ ਹੋਰ ਦੁਕਾਨ ਤੋਂ ਚੋਰਾਂ ਨੇ ਕੁੱਝ ਸਾਮਾਨ ਚੋਰੀ ਕਰ ਲਿਆ ਹਾਲਾਂਕਿ ਉਥੋਂ ਕੈਸ਼ ਨਹੀਂ ਲੈ ਕੇ ਗਏ | ਜਾਣਕਾਰੀ ਦਿੰਦੇ ਹੋਏ ਐਮ.ਐਲ. ਇੰਡਸਟਰੀ ਦੇ ਹਰਸ਼ ਸਰਨਾ ਨੇ ਦੱਸਿਆ ਕਿ ਚੋਰ ਉੱਪਰੀ ਮੰਜ਼ਿਲਾਂ ਤੋਂ ਦਾਖਲ ਹੋਏ ਤੇ ਸਾਮਾਨ ਚੋਰੀ ਕਰ ਲਿਆ | ਇਸੇ ਤਰ੍ਹਾਂ ਤੀਸਰੀ ਦੁਕਾਨ 'ਤੇ ਵੀ ਚੋਰੀ ਹੋਈ | ਅਜੰਤਾ ਇਲੈਕਟ੍ਰੀਕਲ ਦੇ ਬਲਦੇਵ ਰਾਜ ਅਹੂਜਾ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਦੇ ਕੈਸ਼ ਕਾਊਾਟਰ ਵਿਚੋਂ ਕਰੀਬ 12 ਹਜ਼ਾਰ ਰੁਪਏ ਲੈ ਗਏ | ਉਨ੍ਹਾਂ ਕਿਹਾ ਕਿ ਅਜੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਕਿ ਸਾਮਾਨ ਚੋਰੀ ਕਰਕੇ ਲੈ ਕੇ ਗਏ ਹਨ | ਇਸ ਸੰਬੰਧੀ ਥਾਣਾ ਤਿੰਨ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਦਸ ਦੇਈਏ ਕਿ ਇਨ੍ਹਾਂ ਦੁਕਾਨਾਂ 'ਤੇ ਪਹਿਲੇ ਵੀ ਇਸੇ ਤਰੀਕੇ ਨਾਲ ਚੋਰੀ ਹੋ ਚੁੱਕੀ ਹੈ |