ਜਲੰਧਰ, 25 ਫਰਵਰੀ (ਚੰਦੀਪ ਭੱਲਾ)- ਵਿੱਤੀ ਵਰ੍ਹੇ 2025-26 ਦੀ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ ) ਦੀ ਸਮੀਖਿਆ ਕਰਨ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ¢ ਇਸ ਕੜੀ ਤਹਿਤ ਐਲ.ਡੀ.ਐਮ. ਜਲੰਧਰ, ਐਮ.ਐੱਸ. ਮੋਤੀ ਵੱਲੋਂ ਅੱਜ ਜਲੰਧਰ ਪੂਰਬੀ ਅਤੇ ਜਲੰਧਰ ਪੱਛਮੀ ਬਲਾਕ ਵਿਚ ਮੀਟਿੰਗਾਂ ਕੀਤੀਆਂ | ਬੈਂਕਾਂ ਦੇ ਜ਼ਿਲ੍ਹਾ ਨੁਮਾਇੰਦਿਆਂ ਦੀ ਇਸ ਮੀਟਿੰਗ ਵਿਚ ਐਲ.ਡੀ.ਐਮ. ਨੇ ਰਿਜ਼ਰਵ ਬੈਂਕ ਵੱਲੋਂ ਕੀਤੀਆਂ ਗਈਆਂ ਕੁੱਝ ਮਹੱਤਵਪੂਰਣ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਲਾਗੂ ਕਰਨ ਲਈ ਵੀ ਕਿਹਾ ਜਿਸ ਵਿਚ ਟਰਾਂਸਜੈਂਡਰ ਨੂੰ ਕਰਜ਼ਿਆਂ 'ਚ ਆਉਂਦੀਆਂ ਮੁਸ਼ਕਿਲਾਂ ਬਾਰੇ ਪੱਤਰ ਦਾ ਵੀ ਜ਼ਿਕਰ ਕੀਤਾ | ਮੀਟਿੰਗ ਦੌਰਾਨ ਐੱਸ.ਸੀ./ਐੱਸ.ਟੀ. ਕਾਰਪੋਰੇਸ਼ਨ, ਪੀ.ਐਮ.ਐਫ਼.ਐਮ.ਈ., ਪੀ.ਐਮ.ਈ.ਜੀ.ਪੀ. ਤੇ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਹਾਜ਼ਰ ਸਨ | ਐਲ.ਡੀ.ਐਮ. ਨੇ ਸਰਕਾਰੀ ਪ੍ਰਯੋਜਿਤ ਕਰਜ਼ਾ ਸਕੀਮਾਂ ਤਹਿਤ ਬੈਂਕਾਂ ਵਿਚ ਲੰਬਿਤ ਅਰਜ਼ੀਆਂ ਦੇ ਤੁਰੰਤ ਨਿਪਟਾਰੇ ਲਈ ਹਦਾਇਤ ਕੀਤੀ ਤਾਂ ਜੋ ਸਕੀਮਾਂ ਦਾ ਲਾਭ ਲੋੜਵੰਦ ਲਾਭਪਾਤਰੀਆਂ ਨੂੰ ਮਿਲਣ ਦੇ ਨਾਲ-ਨਾਲ ਜ਼ਿਲ੍ਹੇ ਦੇ ਕਰਜ਼ਾ ਜਮ੍ਹਾ ਅਨੁਪਾਤ ਵਿਚ ਸੁਧਾਰ ਹੋ ਸਕੇ | ਦਸੰਬਰ 2026 ਤਿਮਾਹੀ ਦੀ ਸਮੀਖਿਆ ਦੇ ਨਾਲ-ਨਾਲ ਬੈਂਕਾਂ ਨੂੰ ਸੀ. ਡੀ. ਰੇਸ਼ੋ ਵਿਚ ਸੁਧਾਰ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ | ਮੀਟਿੰਗ ਵਿਚ ਰੂਡਸੈੱਟ ਇੰਸਟੀਚਿਊਟ ਜਲੰਧਰ ਦੇ ਡਾਇਰੈਕਟਰ ਸੰਜੀਵ ਚੌਹਾਨ ਨੇ ਸ਼ਿਰਕਤ ਕਰਦਿਆਂ ਸੰਸਥਾ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਖੀ ਕਿੱਤਾ ਸਿਖਲਾਈ ਦੇਣ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਸੰਸਥਾ ਵੱਲੋਂ ਮੁਫ਼ਤ ਚਲਾਏ ਜਾ ਰਹੇ ਕੋਰਸਾਂ ਬਾਰੇ ਵੀ ਦੱਸਿਆ | ਮੀਟਿੰਗ ਵਿਚ ਆਰ. ਬੀ. ਆਈ. ਵੱਲੋਂ ਚਲਾਈ ਵਿੱਤੀ ਸਾਖਰਤਾ ਮੁਹਿੰਮ ਦੇ ਪੋਸਟਰ ਵੀ ਵੰਡੇ ਗਏ |