ਜਲੰਧਰ, 2 ਅਪ੍ਰੈਲ (ਸ਼ਿਵ, ਪਵਨ)-ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਨਵੀਂ ਦਿੱਲੀ-ਕੱਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ | ਸੁਸ਼ੀਲ ਰਿੰਕੂ ਨੇ ਇਸ ਰੇਲ ਗੱਡੀ ਲਈ ਜਲੰਧਰ ਕੈਂਟ ਸਟੇਸ਼ਨ 'ਤੇ ਸਟਾਪੇਜ ਦੀ ਬੇਨਤੀ ਕੀਤੀ ਸੀ, ਜਿਸ ਨੂੰ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਨਜ਼ੂਰੀ ਦੇ ਦਿੱਤੀ | ਹੁਣ ਵੰਦੇ ਭਾਰਤ ਐਕਸਪ੍ਰੈੱਸ ਜਲੰਧਰ ਕੈਂਟ ਸਟੇਸ਼ਨ 'ਤੇ ਰੁਕੇਗੀ, ਜਿਸ ਨਾਲ ਜਲੰਧਰ ਤੇ ਆਲੇ ਦੁਆਲੇ ਦੇ ਕਈ ਜ਼ਿਲਿ੍ਹਆਂ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ | ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਵਿਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਅਤੇ ਵੰਦੇ ਭਾਰਤ ਗੱਡੀ ਨੰਬਰ 22439 (ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ) ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਰੁਕਣ ਦੀ ਬੇਨਤੀ ਕੀਤੀ ਸੀ | ਮੰਤਰੀ ਅਸ਼ਵਨੀ ਵੈਸ਼ਨਵ ਨੇ ਮਨਜ਼ੂਰੀ ਦੇ ਦਿੱਤੀ ਹੈ | ਰੇਲਵੇ ਵਲੋਂ ਜਾਰੀ ਪੱਤਰ ਅਨੁਸਾਰ ਗੱਡੀ ਨੰਬਰ 22439 (ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ) ਹੁਣ ਸਵੇਰੇ 10:04 ਵਜੇ ਜਲੰਧਰ ਕੈਂਟ ਸਟੇਸ਼ਨ 'ਤੇ ਪਹੁੰਚੇਗੀ ਅਤੇ ਸਵੇਰੇ 10:06 ਵਜੇ ਰਵਾਨਾ ਹੋਵੇਗੀ | ਇਸ ਦੌਰਾਨ ਗੱਡੀ ਨੰਬਰ 22440 (ਕਟੜਾ ਤੋਂ ਨਵੀਂ ਦਿੱਲੀ) ਸ਼ਾਮ 6:51 ਵਜੇ ਜਲੰਧਰ ਕੈਂਟ ਪਹੁੰਚੇਗੀ ਤੇ ਸ਼ਾਮ 6:53 ਵਜੇ ਰਵਾਨਾ ਹੋਵੇਗੀ | ਹਾਲਾਂਕਿ ਜਲੰਧਰ ਕੈਂਟ ਵਿਖੇ ਰੁਕਣ ਕਾਰਨ ਗੱਡੀ ਦੇ ਸ਼ਡਿਊਲ ਵਿਚ ਥੋੜਾ ਬਦਲਾਅ ਕੀਤਾ ਗਿਆ ਹੈ | ਗਡੀ ਨੰਬਰ 22439 ਹੁਣ ਜੰਮੂ ਡਿਵੀਜ਼ਨ ਦੇ ਭੋਗਪੁਰ ਸਟੇਸ਼ਨ 'ਤੇ ਪੰਜ ਮਿੰਟ ਦੀ ਦੇਰੀ ਨਾਲ ਪਹੁੰਚੇਗੀ | ਗੱਡੀ ਨੰਬਰ 22440 ਅੰਬਾਲਾ ਡਿਵੀਜ਼ਨ ਦੇ ਸਾਹਨੇਵਾਲ ਸਟੇਸ਼ਨ 'ਤੇ ਪੰਜ ਮਿੰਟ ਦੀ ਦੇਰੀ ਨਾਲ ਪਹੁੰਚੇਗੀ | ਇਸ ਬਦਲਾਅ ਕਾਰਨ, ਜੰਮੂ ਤੇ ਅੰਬਾਲਾ ਡਿਵੀਜ਼ਨਾਂ ਨੂੰ ਹੁਣ ਇਨ੍ਹਾਂ ਗੱਡੀਆਂ ਦੇ ਸ਼ਡਿਊਲ ਵਿਚ ਮਾਮੂਲੀ ਬਦਲਾਅ ਕਰਨੇ ਪੈਣਗੇ | ਇਸ ਮੌਕੇ ਜਲੰਧਰ ਕੈਂਟ ਸਟੇਸ਼ਨ ਸੁਪਰਡੈਂਟ ਜੇ. ਬੀ. ਪਟੇਲ, ਸੀ. ਐਮ. ਆਈ. ਨਿਤੇਸ਼ ਕੁਮਾਰ, ਡਿਪਟੀ ਸੁਪਰਡੈਂਟ ਸਚਿਨ ਰੱਤੀ, ਸੀ. ਐਚ. ਆਈ. ਡੀ. ਪੀ. ਮੀਨਾ, ਐਸ. ਐਸ. ਈ. ਪ੍ਰਵੀਨ ਕੁਮਾਰ, ਸੰਨੀ ਬੱਤਰਾ, ਤਰੁਣ ਬਠਲਾ ਤੇ ਪਾਰੁਲ ਅਰੋੜਾ ਮੌਜੂਦ ਸਨ |