ਜਲੰਧਰ, 2 ਅਪ੍ਰੈਲ (ਐੱਮ. ਐੱਸ. ਲੋਹੀਆ)-ਨਵੰਬਰ 2025 ਨੂੰ ਸਥਾਨਕ ਪਾਰਸ ਅਸਟੇਟ ਮੁਹੱਲੇ 'ਚ ਇਕ 13 ਸਾਲਾਂ ਦੀ ਬੱਚੀ 'ਤੇ ਤਸ਼ੱਦਦ ਕਰਕੇ ਉਸ ਦੀ ਹੱਤਿਆ ਦੇ ਮੁਲਜ਼ਮ ਦਾ ਪਰਿਵਾਰ ਵਾਰਦਾਤ ਤੋਂ ਬਾਅਦ ਅੱਜ ਆਪਣੇ ਘਰ ਆਇਆ | ਮੁਲਜ਼ਮ ਦੀ ਪਤਨੀ ਤੇ ਰਿਸ਼ਤੇਦਾਰਾਂ ਦੇ ਘਰ ਆਉਣ ਦਾ ਸੁਣਦੇ ਹੀ ਬੱਚੀ ਦੀ ਮਾਂ ਬੇਸੁੱਧ ਹੋ ਕੇ ਡਿੱਗ ਪਈ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਸੰਭਾਲਿਆ | ਮੁਲਜ਼ਮ ਦੇ ਪਰਿਵਾਰ ਦੇ ਘਰ ਆਉਣ ਦਾ ਪੀੜਤ ਪਰਿਵਾਰ ਦੇ ਮੈਂਬਰਾਂ ਤੇ ਮੁਹੱਲਾ ਵਾਸੀਆਂ ਵਲੋਂ ਵਿਰੋਧ ਕੀਤਾ | ਮੁਹੱਲਾ ਵਾਸੀਆਂ ਨੇ ਦੋਸ਼ ਲਗਾਏ ਕਿ ਮੁਲਜ਼ਮ ਦੀ ਪਤਨੀ ਤੇ ਉਸ ਦੇ ਨਾਲ ਆਏ ਰਿਸ਼ਤੇਦਾਰ ਵਲੋਂ ਬਜਾਏ ਆਪਣੇ ਪਰਿਵਾਰਕ ਮੈਂਬਰ ਦੀ ਹਰਕਤ 'ਤੇ ਅਫ਼ਸੋਸ ਪ੍ਰਗਟ ਕੀਤਾ ਜਾਂਦਾ, ਉਨ੍ਹਾਂ ਵਲੋਂ ਧਮਕੀਆਂ ਭਰੇ ਅਜਿਹੇ ਬੋਲ ਬੋਲੇ ਗਏ, ਜੋ ਕਿ ਸਾਰਿਆਂ ਦੀਆਂ ਭਾਵਨਾਂ ਨੂੰ ਠੇਸ ਪਹੁੰਚਾਉਣ ਵਾਲੇ ਸਨ | ਉਨ੍ਹਾਂ ਕਿਹਾ ਕਿ ਜਦੋਂ ਮੁਹੱਲਾ ਵਾਸੀਆਂ ਨੇ ਉਨ੍ਹਾਂ ਦੇ ਬੋਲੇ ਗਏ ਬੋਲਾਂ ਦਾ ਵਿਰੋਧ ਕੀਤਾ, ਤਾਂ ਉਹ ਤੇਜ਼ ਰਫ਼ਤਾਰ ਨਾਲ ਆਪਣੀ ਗੱਡੀ ਭਜਾ ਕੇ ਲੈ ਗਏ | ਇਸ ਦੌਰਾਨ ਉਨ੍ਹਾਂ ਵਲੋਂ ਗੱਡੀ ਥੱਲੇ ਇਕ ਕੁੱਤਾ ਦੇ ਦਿੱਤਾ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਤੋਂ ਇਲਾਵਾ ਕਈ ਮੁਹੱਲਾ ਵਾਸੀਆਂ ਨੂੰ ਵੀ ਮਾਮੂਲੀ ਸੱਟਾਂ ਲੱਗ ਗਈਆਂ | ਮੌਕੇ 'ਤੇ ਪਹੁੰਚੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਜੈ ਇੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਦੇ ਪਰਿਵਾਰਕ ਮੈਂਬਰ ਹਾਈ ਕੋਰਟ ਤੋਂ ਆਰਡਰ ਲੈ ਕੇ ਘਰ 'ਚੋਂ ਆਪਣਾ ਸਾਮਾਨ ਲੈਣ ਆਏ ਸਨ, ਜਿਸ ਕਰਕੇ ਉਹ ਉਨ੍ਹਾਂ ਦੇ ਨਾਲ ਗਏ ਸਨ |