ਜਲੰਧਰ, 23 ਅਪ੍ਰੈਲ (ਡਾ. ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਨੀਤੀ ਤਹਿਤ ਸੂਬੇ 'ਚ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੇ ਪੱਧਰ 'ਤੇ ਦਾਅਵੇ ਕੀਤੇ ਜਾ ਰਹੇ ਹਨ | ਸਿੱਖਿਆ ਮੰਤਰੀ ਪੰਜਾਬ ਅਨੁਸਾਰ ਜੇ. ਈ. ਤੇ ਨੀਟ ਦੀਆਂ ਮਿਆਰੀ ਪ੍ਰੀਖਿਆ 'ਚ ਪੰਜਾਬ ਦੇ ਵਿਦਿਆਰਥੀਆਂ ਦੀ ਪ੍ਰਾਪਤੀਆਂ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਆ ਜਾਂਦਾ ਹੈ | ਪਿਛਲੀ ਸਰਕਾਰ ਸਮੇਂ ਬਣੇ ਰਿਹਾਇਸ਼ੀ ਮੈਰੀਟੋਰੀਅਸ ਸਕੂਲਾਂ ਗਿਆਰਵੀਂ ਜਮਾਤ 'ਚ ਦਾਖਲਾ ਲੈਣ ਲਈ ਸਾਰੇ ਵਿਦਿਆਰਥੀਆਂ ਨੂੰ ਇਕ ਦਾਖਲਾ ਪ੍ਰੀਖਿਆ 'ਚੋਂ ਗੁਜ਼ਰਨਾ ਪੈਂਦਾ ਹੈ | ਸਮਾਜ ਭਲਾਈ ਵਿਭਾਗ ਵਲੋਂ ਜਾਰੀ 100 ਨੰਬਰੀ ਰੋਸਟਰ ਅਨੁਸਾਰ ਵੱਖ-ਵੱਖ ਕੈਟੇਗਰੀਆਂ ਅਨੁਸਾਰ ਦਾਖਲਾ ਮੈਰਿਟ ਸੂਚੀ ਅਨੁਸਾਰ ਦਿੱਤਾ ਜਾਂਦਾ ਹੈ | ਮÏਜੂਦਾ ਸਰਕਾਰ ਵਲੋਂ ਪੰਜਾਬ ਵਿਚ 117 ਦੇ ਲਗਪਗ ਸਕੂਲ ਆਫ਼ ਐਮੀਨੈਸ ਨÏਵੀਂ ਜਮਾਤ ਤੇ ਗਿਆਰਵੀਂ ਜਮਾਤ 'ਚ ਦਾਖਲਾ ਲੈਣ ਲਈ ਇਕ ਪੰਜਾਬ ਪੱਧਰੀ ਪ੍ਰੀਖਿਆ 'ਚੋਂ ਗੁਜ਼ਰਨਾ ਪੈਂਦਾ ਹੈ | ਇਨ੍ਹਾਂ ਸਕੂਲਾਂ ਵਿਚ ਦਾਖਲਾ ਲੈਣ ਲਈ 25 ਫੀਸਦੀ ਪ੍ਰਾਈਵੇਟ ਸਕੂਲਾਂ ਵਿਚੋਂ ਤੇ 75 ਫੀਸਦੀ ਸਰਕਾਰੀ ਸਕੂਲਾਂ 'ਚੋਂ ਮੈਰਿਟ ਸੂਚੀ ਅਨੁਸਾਰ ਮਾਪ ਦੰਡ ਤਹਿ ਕੀਤੇ ਗਏ ਹਨ | ਪੰਜਾਬ ਦੇ ਖਿਡਾਰੀਆਂ ਦੀ ਬਦਕਿਸਮਤੀ ਇਹ ਹੈ, ਕਿ ਸਿੱਖਿਆ ਵਿਭਾਗ ਪੰਜਾਬ ਨੇ ਇਨ੍ਹਾਂ ਦੋਨਾਂ ਵੱਕਾਰੀ ਸੰਸਥਾਵਾਂ 'ਚ ਖਿਡਾਰੀਆਂ ਲਈ ਦਾਖਲਾ ਲੈਣ ਲਈ ਕੋਈ ਢੁਕਵਾਂ ਉਪਰਾਲਾ ਨਹੀਂ ਕੀਤਾ | ਇਕ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਨ੍ਹਾਂ ਸਕੂਲਾਂ ਦੇ ਬੱਚਿਆਂ ਲਈ ਵਿਸ਼ਵ ਪੱਧਰੀ ਖੇਡ ਮੈਦਾਨ ਬਣਾਏ ਜਾ ਰਹੇ ਹਨ | ਮਹਿੰਗੇ ਭਾਅ ਦੀ ਖੇਡ ਸਮੱਗਰੀ ਵਿਦਿਆਰਥੀਆਂ ਨੂੰ ਮਹੱਈਆ ਕਰਵਾਈ ਜਾ ਰਹੀ ਹੈ | ਖੇਡ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਕੂਲਾਂ 'ਚ ਖਿਡਾਰੀਆਂ ਨੂੰ ਦਾਖਲਾ ਹੀ ਨਹੀਂ ਦੇਣਾ | ਸਮਾਜ ਭਲਾਈ ਵਿਭਾਗ ਪੰਜਾਬ ਵਲੋਂ ਜਾਰੀ ਰੋਸਟਰ ਅਨੁਸਾਰ ਪੰਜਾਬ ਦੇ ਖਿਡਾਰੀਆਂ ਲਈ 3 ਫੀਸਦੀ ਕੋਟਾ ਵੀ ਨਸੀਬ ਨਹੀਂ ਹੁੰਦਾ | ਖਿਡਾਰੀਆਂ ਦੇ ਮਾਪਿਆਂ ਦਾ ਕਹਿਣਾ ਹੈ ਕੀ ਸਾਡੇ ਬੱਚੇ ਡਾਕਟਰ ਇੰਜੀਨੀਅਰ ਨਹੀਂ ਬਣ ਸਕਦੇ, ਉਨ੍ਹਾਂ ਲਈ ਦਾਖਲਾ ਕਿਉਂ ਨਹੀਂ ਹੈ | ਜਿਥੋਂ ਤੱਕ ਆਮ ਮੈਰਿਟ ਸੂਚੀ 'ਚ ਆਉਣ ਦਾ ਸਵਾਲ ਹੈ, ਕਿ ਖੇਡਾਂ 'ਚ ਦਿਨ ਰਾਤ ਮਿਹਨਤ ਕਰਕੇ ਖਿਡਾਰੀ ਅਕਸਰ ਆਮ ਮੈਰਿਟ ਸੂਚੀ 'ਚ ਪੱਛੜ ਜਾਂਦੇ ਹਨ | ਨੈਸ਼ਨਲ ਸਕੂਲ ਗੇਮਜ ਫੈਡਰੇਸ਼ਨ ਭਾਰਤ ਵਲੋਂ ਸਾਲ 2025-26 ਦੀ ਮੈਡਲ ਟੈਲੀ ਅਨੁਸਾਰ ਪੰਜਾਬ 71 ਸੋਨ ਤਗਮੇ ਲੈ ਕੇ ਛੇਵੇਂ ਸਥਾਨ 'ਤੇ ਆ ਗਿਆ ਹੈ, ਜਦਕਿ ਮਹਾਰਾਸ਼ਟਰ, ਹਰਿਆਣਾ ਦਿੱਲੀ, ਸੀ. ਬੀ. ਐਸ. ਈ. ਪੱਛਮੀ ਬੰਗਾਲ ਪੰਜਾਬ ਤੋਂ ਅੱਗੇ ਜਾ ਰਹੇ ਹਨ | ਇਹੋ ਹਾਲ ਖੇਲੋ ਇੰਡੀਆ ਯੂਥ ਖੇਡਾਂ 'ਚ ਵੀ ਪੰਜਾਬ ਨੇ 13ਵੇਂ ਸਥਾਨ 'ਤੇ ਨਮੋਸ਼ੀ ਭਰਿਆ ਪ੍ਰਦਰਸ਼ਨ ਕੀਤਾ ਸੀ | ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਜੇਕਰ ਖਿਡਾਰੀਆਂ ਨੂੰ ਕੋਈ ਲਾਭ ਨਹੀਂ ਦੇਣਾ ਤਾਂ ਪੰਜਾਬ ਨੂੰ ਇਸੇ ਤਰ੍ਹਾਂ ਨਮੋਸ਼ੀ ਭਰੀ ਸਥਿਤੀ 'ਚੋਂ ਗੁਜ਼ਰਨਾ ਪੈ ਸਕਦਾ ਹੈ | ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਇਨ੍ਹਾਂ ਸੰਸਥਾਵਾਂ 'ਚ ਦਾਖਲਾ ਦਿੱਤਾ ਜਾਵੇ |