ਮੇਅਰ, ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਨਿਗਮ ਯੂਨੀਅਨ ਵਲੋਂ ਹੜਤਾਲ ਖ਼ਤਮ
ਅਜੀਤ ਡੈਸਕ
25-04-2026
ਸੋਮਵਾਰ ਨੂੰ ਤਹਿਬਾਜ਼ਾਰੀ ਸ਼ਾਖਾ ਵਿਚ ਹੋਵੇਗੀ ਨਵੀਂ ਤਾਇਨਾਤੀ
ਜਲੰਧਰ-ਯੂਨੀਅਨ ਵਲੋਂ ਹੜਤਾਲ ਕਰਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਕਈ ਵਿਭਾਗਾਂ ਵਿਚ ਸਖ਼ਤੀ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਸੀ ਜਿਨ੍ਹਾਂ 'ਚ ਸਾਰੀ ਤਹਿਬਾਜ਼ਾਰੀ ਸ਼ਾਖਾ ਨੂੰ ਬਦਲਣ ਤੋਂ ਇਲਾਵਾ ਨਿਗਮ ਦੀ ਵਰਕਸ਼ਾਪ ਦੇ ਮੁਲਾਜ਼ਮਾਂ ਦੀ ਬਦਲੀ ਕਰ ਦਿੱਤੀ ਸੀ | ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵਲੋਂ ਵਿਭਾਗਾਂ 'ਚ ਸੁਧਾਰ ਕਰਨ ਦੀ ਝੰਡੀ ਮਿਲਣ ਤੋਂ ਬਾਅਦ ਮੇਅਰ ਵਨੀਤ ਧੀਰ ਨੇ ਹੁਣ ਦੂਜੇ ਵਿਭਾਗਾਂ 'ਚ ਵੀ ਸਖ਼ਤੀ ਕਰਨ ਦੀ ਤਿਆਰੀ ਕਰ ਲਈ ਹੈ | ਦੱਸਿਆ ਜਾਂਦਾ ਹੈ ਕਿ ਮੇਅਰ ਵਨੀਤ ਧੀਰ ਕੋਲ ਉਨ੍ਹਾਂ ਵਿਭਾਗਾਂ ਦੀਆਂ ਰਿਪੋਰਟਾਂ ਤਾਂ ਪਹਿਲਾਂ ਹੀ ਪੁੱਜੀਆਂ ਹੋਈਆਂ ਹਨ ਜਿਨ੍ਹਾਂ ਦੀ ਵਸੂਲੀ 'ਚ ਵਾਧਾ ਨਹੀਂ ਹੋ ਰਿਹਾ ਹੈ ਤੇ ਕਈ ਤਰਾਂ ਦੇ ਦੋਸ਼ ਵੀ ਲਗਾਏ ਜਾਂਦੇ ਰਹੇ ਹਨ | ਮੇਅਰ ਵਨੀਤ ਧੀਰ ਵਲੋਂ ਤਹਿਬਾਜ਼ਾਰੀ ਸ਼ਾਖਾ ਤੇ ਵਰਕਸ਼ਾਪ ਵਿਚ ਫੇਰਬਦਲ ਕੀਤਾ ਗਿਆ ਹੈ ਪਰ ਆਉਣ ਵਾਲੇ ਸਮੇਂ 'ਚ ਕਈ ਵਿਭਾਗਾਂ ਵਿਚ ਫੇਰਬਦਲ ਦੀ ਸੰਭਾਵਨਾ ਹੈ ਕਿਉਂਕਿ ਮੇਅਰ ਵਲੋਂ ਸਾਰੀ ਤਹਿਬਾਜ਼ਾਰੀ ਸ਼ਾਖਾ ਨੂੰ ਬਦਲ ਦਿੱਤਾ ਗਿਆ ਹੈ, ਉਸ ਨਾਲ ਕਈਆਂ ਦੀ ਨੀਂਦ ਉੱਡ ਗਈ ਸੀ ਜਿਹੜੇ ਕਿ ਵਿਭਾਗ ਦੀ ਵਸੂਲੀ ਵਧਾਉਣ ਵੱਲ ਧਿਆਨ ਨਹੀਂ ਦੇ ਰਹੇ ਸਨ | ਮੇਅਰ ਨੇ ਸਪੱਸ਼ਟ ਕਿਹਾ ਕਿ ਜੇਕਰ ਆਮਦਨ ਵਧਾਉਣ ਦਾ ਕੰਮ ਗੰਭੀਰਤਾ ਨਾਲ ਨਹੀਂ ਕੀਤਾ ਗਿਆ ਤਾਂ ਉਥੇ ਫੇਰਬਦਲ ਕੀਤਾ ਜਾਵੇਗਾ |