ਜਲੰਧਰ, 24 ਅਪ੍ਰੈਲ (ਸ਼ਿਵ)-ਲੋਕ ਜਿੱਥੇ ਕਹਿਰ ਦੀ ਗਰਮੀ ਕਰਕੇ ਪ੍ਰੇਸ਼ਾਨ ਹਨ ਤੇ ਦੂਜਾ ਲੜੀਵਾਰ ਲੱਗ ਰਹੇ ਬਿਜਲੀ ਕੱਟ ਵੀ ਉਨ੍ਹਾਂ ਦੀ ਨੀਂਦ ਉਡਾ ਰਹੇ ਹਨ | ਸ਼ੁੱਕਰਵਾਰ ਨੂੰ ਵੀ ਗਰਮੀ ਦਾ ਪੂਰੀ ਤਰ੍ਹਾਂ ਨਾਲ ਪ੍ਰਕੋਪ ਜਾਰੀ ਰਿਹਾ ਤੇ 41 ਡਿਗਰੀ ਤਾਪਮਾਨ ਦਰਜ ਕੀਤਾ | ਕੁੱਝ ਦਿਨਾਂ ਤੋਂ ਲਗਾਤਾਰ ਗਰਮੀ ਪੈਣ ਅਤੇ ਬਿਜਲੀ ਕੱਟਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ | ਸਨਿਚਰਵਾਰ ਨੂੰ ਵੀ ਕਈ ਇਲਾਕਿਆਂ ਵਿਚ ਲਾਈਨਾਂ ਦੀ ਸਾਂਭ-ਸੰਭਾਲ ਦਾ ਕੰਮ ਕਰਨ ਕਰਕੇ ਬਿਜਲੀ ਕੱਟ ਐਲਾਨੇ ਗਏ ਹਨ | ਇਨ੍ਹਾਂ 'ਚ 25 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਨ੍ਹਾਂ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ, ਉਨ੍ਹਾਂ 'ਚ ਅਜੀਤ ਨਗਰ, ਕਿਸ਼ਨਪੁਰਾ, ਜਗਤਪੁਰਾ, ਦੌਲਤਪੁਰੀ, ਬਲਦੇਵ ਨਗਰ, ਕਾਜ਼ੀ ਮੰਡੀ, ਇਕਹਿਰੀ ਪੁਲੀ, ਓਲਡ ਰੇਲਵੇ ਰੋਡ, ਰੇਲਵੇ ਰੋਡ, ਕ੍ਰਿਸ਼ਨ ਨਗਰ, ਮੰਡੀ ਫੈਨਟਣਗੰਜ, ਗੋਬਿੰਦਗੜ੍ਹ, ਪ੍ਰੇਮ ਨਗਰ, ਕਿਲ੍ਹਾ ਮੁਹੱਲਾ, ਭਾਈ ਦਿੱਤ ਸਿੰਘ ਨਗਰ ਵਾਲੇ ਇਲਾਕੇ ਸ਼ਾਮਿਲ ਹਨ | ਮੌਸਮ ਮਾਹਿਰਾਂ ਮੁਤਾਬਕ ਇਸ ਵੇਲੇ ਤਾਂ ਸੂਬੇ 'ਚ ਗਰਮੀ ਦਾ ਪ੍ਰਕੋਪ ਜਾਰੀ ਹੈ ਤੇ ਮੌਸਮ ਮਾਹਿਰਾਂ ਵਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਕਹਿਰ ਦੀ ਗਰਮੀ ਤੋਂ 26 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਸੂਬੇ ਦੇ ਕੁੱਝ ਹਿੱਸਿਆਂ 'ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਹਾਲਾਂਕਿ ਇਸ ਮੌਕੇ ਬਾਰਿਸ਼ਾਂ ਨਾਲ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਵੇਲੇ ਕਣਕ ਦੀ ਖ਼ਰੀਦ ਦਾ ਕੰਮ ਚੱਲ ਰਿਹਾ ਹੈ | ਉਧਰ ਜਦੋਂ ਬਿਜਲੀ ਕੱਟ ਲੱਗਦੇ ਹਨ ਤਾਂ ਉਸ ਸਮੇਂ ਦੌਰਾਨ ਪਾਣੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ | ਲੋਕਾਂ ਦਾ ਕਹਿਣਾ ਸੀ ਕਿ ਕਿਸੇ ਵੇਲੇ ਦਿਨ ਵੇਲੇ ਜਾਂ ਸ਼ਾਮ ਵੇਲੇ ਹੀ ਅਣਐਲਾਨੇ ਬਿਜਲੀ ਕੱਟ ਲੱਗਦੇ ਹਨ ਤਾਂ ਉਸ ਵੇਲੇ ਪਾਣੀ ਸਪਲਾਈ ਵੀ ਬੰਦ ਹੋ ਜਾਂਦਾ ਹੈ | ਨਿਗਮ ਪ੍ਰਸ਼ਾਸਨ ਨੂੰ ਇਨ੍ਹਾਂ ਕੱਟਾਂ ਨੂੰ ਦੇਖਦੇ ਹੋਏ ਚਾਹੇ ਸਵੇਰੇ, ਸ਼ਾਮ ਪਾਣੀ ਸਪਲਾਈ ਦੇ ਸਮੇਂ 'ਚ ਵਾਧਾ ਕੀਤਾ ਗਿਆ ਹੈ |