ਜਲੰਧਰ, 24 ਅਪ੍ਰੈਲ (ਜਸਪਾਲ ਸਿੰਘ)-ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐਸ. ਏ. ਦੇ ਜਨਰਲ ਸਕੱਤਰ ਗੁਰਿੰਦਰਪਾਲ ਸਿੰਘ ਪਾਲੀ ਸ਼ੇਖੇ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਹੀ ਹੁਣ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਨੂੰ ਲੁੱਟ ਕੇ ਭੱਜਣੇ ਸ਼ੁਰੂ ਹੋ ਗਏ ਹਨ | ਉਨ੍ਹਾਂ ਕਿਹਾ ਕਿ ਆਪਣੇ ਵਲੰਟੀਅਰਾਂ ਦੀ ਅਣਦੇਖੀ ਕਰਕੇ ਅਜਿਹੇ ਆਗੂਆਂ ਨੂੰ ਰਾਜ ਸਭਾ 'ਚ ਭੇਜਣ ਬਾਰੇ 'ਆਪ' ਲੀਡਰਸ਼ਿਪ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀ ਤੇ ਹੁਣ ਉਨ੍ਹਾਂ ਨੂੰ ਗੱਦਾਰ ਦੱਸ ਕੇ ਲੋਕਾਂ ਨੂੰ ਇਕ ਵਾਰ ਫਿਰ ਗੁੰਮਰਾਹ ਕੀਤਾ ਜਾ ਰਿਹਾ ਹੈ | ਪਾਲੀ ਸ਼ੇਖੇ ਨੇ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਪਾਰਟੀ ਛੱਡਣ ਵੇਲੇ ਜਿਸ ਤਰ੍ਹਾਂ ਦੇ ਦੋਸ਼ 'ਆਪ' ਲੀਡਰਸ਼ਿਪ 'ਤੇ ਲਗਾਏ ਹਨ, ਉਸ ਤੋਂ ਸਾਫ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਭਿ੍ਸ਼ਟਾਚਾਰ ਦੇ ਨਾਂਅ 'ਤੇ ਸੱਤਾ 'ਚ ਆਈ ਪਾਰਟੀ ਹੁਣ ਭਿ੍ਸ਼ਟਾਚਾਰ 'ਚ ਹੀ ਡੁੱਬਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਘਟਨਾਕ੍ਰਮ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਅਸਲ 'ਚ ਭਾਜਪਾ ਦੀ ਹੀ ਬੀ-ਟੀਮ ਹੈ |