ਜਲੰਧਰ, 24 ਅਪ੍ਰੈਲ (ਡਾ. ਜਤਿੰਦਰ ਸਾਬੀ)-ਸਥਾਨਕ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਚ ਪੰਜਾਬ ਸਟੇਟ ਮਿਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ ਹੋਈ, ਜਿਸ 'ਚ ਰਾਜ ਭਰ ਦੇ ਜੂਨੀਅਰ ਬੈਡਮਿੰਟਨ ਖਿਡਾਰੀ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ | ਟੂਰਨਾਮੈਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ (ਆਈ. ਏ. ਐਸ.) ਵਲੋਂ ਕੀਤਾ | ਇਸ ਮੌਕੇ ਉਨ੍ਹਾਂ ਨੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡੀ. ਸੀ. ਵਰਜੀਤ ਵਾਲੀਆ ਨੇ ਸਟੇਡੀਅਮ ਵਿਚ ਤਿਆਰ ਕੀਤੀਆਂ ਨਵੀਆਂ ਖੇਡ ਸਹੂਲਤਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿਚ ਜਿਮਨੇਜ਼ੀਅਮ, ਫਿਜਿਓਥੈਰਪੀ ਸੈਂਟਰ, ਸਪੋਰਟਸ ਸ਼ਾਪ, ਰੈਸਟੋਰੈਂਟ ਤੇ ਮਲਟੀਪਰਪਜ਼ ਕੋਰਟ ਸ਼ਾਮਿਲ ਹਨ | ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਅੰਤਰਿਮ ਕਮੇਟੀ ਵਲੋਂ ਕੀਤੇ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਚੰਗੀਆਂ ਖੇਡ ਸਹੂਲਤਾਂ ਤੇ ਤਸੱਲੀ ਪ੍ਰਗਟ ਕੀਤੀ | ਇਸ ਮੌਕੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਤਿੰਨ ਦਿਨਾਂ ਦੇ ਇਸ ਟੂਰਨਾਮੈਂਟ ਦੌਰਾਨ ਕੁਲ 280 ਮੁਕਾਬਲੇ ਖੇਡੇ ਜਾਣਗੇ, ਜਿਸ ਵਿਚ ਪੰਜਾਬ ਦੇ 22 ਜਿਲਿ੍ਹਆਂ ਤੋਂ ਲਗਪਗ 300 ਖਿਡਾਰੀ ਹਿੱਸਾ ਲੈ ਰਹੇ ਹਨ | ਟੂਰਨਾਮੈਂਟ 'ਚ ਅੰਡਰ-11 ਤੇ ਅੰਡਰ-13 ਸਾਲ ਵਰਗ ਵਿਚ ਲੜਕਿਆਂ ਤੇ ਲੜਕੀਆਂ ਲਈ ਅੱਠ ਵੱਖ-ਵੱਖ ਈਵੈਂਟ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹਿਣਗੇ ਤੇ ਫਾਈਨਲ ਐਤਵਾਰ ਨੂੰ ਕਰਵਾਏ ਜਾਣਗੇ | ਇਸ ਮੌਕੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਰਾਕੇਸ਼ ਖੰਨਾ, ਹਰਪ੍ਰੀਤ ਸਿੰਘ, ਧੀਰਜ ਸ਼ਰਮਾ, ਪਲਵਿੰਦਰ ਸਿੰਘ, ਕੁਸੁਮ ਕੈਪੀ ਤੇ ਅਨਿਲ ਭੱਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |