ਲੋਹੀਆਂ ਖਾਸ, 24 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਥਾਣਾ ਲੋਹੀਆਂ ਦੀ ਪੁਲਿਸ ਨੇ ਪਿੰਡ ਚੱਕ ਬੁਡਾਲਾ ਦੇ ਇਕ ਕਿਸਾਨ ਦੀ ਪਿੰਡ ਇਸਮੈਲਪੁਰ 'ਚ 8 ਕਿੱਲੇ ਕਣਕ ਨੂੰ ਬੀਤੀ ਰਾਤ ਚੋਰੀ ਵੱਢ ਲਏ ਜਾਣ ਤੋਂ ਬਾਅਦ ਕੱਲ੍ਹ ਦੇਰ ਸ਼ਾਮ 6 ਵਿਅਕਤੀਆਂ ਖ਼ਿਲਾਫ਼ ਸਮੇਤ ਨਾਂਅ ਤੇ 12/13 ਅਣਪਛਾਤੇ ਵਿਆਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ | ਇਸ ਤੋਂ ਪਹਿਲਾਂ ਰਾਤ ਕਣਕ ਵੱਢਣ ਦੀ ਵਾਪਰੀ ਇਸ ਘਟਨਾ ਦੇ ਚਲਦੇ ਪੀੜ੍ਹਤ ਕਿਸਾਨ ਦੇ ਪਰਿਵਾਰ ਵਲੋਂ ਪੁਲਿਸ ਹੈਲਫ ਨੰ: 112 'ਤੇ ਸ਼ਿਕਾਇਤ ਵੀ ਕੀਤੀ ਸੀ ਅਤੇ ਸਵੇਰੇ ਕੁਝ ਸਮਾਂ ਦਬਾਅ ਪਾਉਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਕੱਲ੍ਹ ਥਾਣਾ ਲੋਹੀਆਂ ਮੂਹਰੇ ਧਰਨਾ ਵੀ ਲਗਾਈ ਰੱਖਿਆ ਸੀ | ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਤੇ ਹੋਰ ਆਗੂਆਂ ਜਿਨ੍ਹਾਂ 'ਚ ਗੁਰਦੀਪ ਸਿੰਘ ਜ਼ਿਲਾ ਪ੍ਰਧਾਨ ਬੀ.ਕੇ.ਯੂ, ਸੋਨਾ ਸਿੰਘ ਬਲਾਕ ਪ੍ਰਧਾਨ ਬੀ.ਕੇ.ਯੂ, ਜ਼ਮੀਨ ਦੇ ਮਾਲਕ ਕੇਹਰ ਸਿੰਘ ਦੇ ਭਰਾ ਪੰਜਾਬ ਸਿੰਘ, ਮੱਖਣ ਸਿੰਘ, ਅਮਰੀਕ ਸਿੰਘ ਮੈਹਿਤਪੁਰ, ਮੁਖਤਿਆਰ ਸਿੰਘ, ਹਰਮੇਲ ਸਿੰਘ, ਬਲਬੀਰ ਸਿੰਘ, ਬਗੀਚਾ ਸਿੰਘ, ਅਨੂਪ ਸਿੰਘ, ਸੁਖਦੇਵ ਸਿੰਘ, ਜਗਵੀਰ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਮੱਖਣ ਸਿੰਘ ਸਮੇਤ ਹੋਰਾਂ ਨੇ ਜਿਥੇ ਪੁਲਿਸ ਤੰਤਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਉਥੇ ਹਲਕਾ ਇੰਚਾਰਜ ਦੇ ਦਬਾਅ ਹੇਠ ਕਣਕ ਵੱਢੇ ਜਾਣ ਦੇ ਗੰਭੀਰ ਦੋਸ਼ ਵੀ ਲਗਾਏ ਗਏ ਸਨ | ਕਿਸਾਨਾਂ ਨੇ ਪਿੰਡ ਮਿਆਣੀ ਦੇ ਸਰੰਪਚ 'ਤੇ ਵੀ ਕਣਕ ਵਢਾਉਣ ਦੇ ਦੋਸ਼ ਲਗਾਏ ਸਨ | ਧਰਨੇ ਤੋਂ ਬਾਅਦ ਦੇਰ ਸ਼ਾਮ ਜਾਣਕਾਰੀ ਦਿੰਦਿਆਂ ਲੋਹੀਆਂ ਪੁਲਿਸ ਦੇ ਮੁੱਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਕਿਸਾਨ ਦੇ ਭਰਾ ਪੰਜਾਬ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਕਡਿਆਣਾ ਥਾਣਾ ਫਿਲੌਰ ਦੇ ਬਿਆਨਾਂ 'ਤੇ ਚੋਰੀ ਕਣਕ ਵੱਢਣ ਦੇ ਮਾਮਲੇ 'ਚ ਪਿੰਡ ਚੱਕ ਬੁਡਾਲਾ ਦੇ 4 ਵਿਅਕਤੀਆਂ ਸੁਖਵਿੰਦਰ ਸਿੰਘ ਪੁੱਤਰ ਬੱਗਾ ਸਿੰਘ, ਗੁਰਦੀਪ ਸਿੰਘ ਪੁੱਤਰ ਤਾਰਾ ਸਿੰਘ, ਕਮਲਦੀਪ ਸਿੰਘ ਪੁੱਤਰ ਚੰਨਾ ਸਿੰਘ, ਅਮਨਦੀਪ ਸਿੰਘ ਪੁੱਤਰ ਚੰਨਾ ਸਿੰਘ ਤੇ ਪਿੰਡ ਪਿੱਪਲੀ ਦੇ ਜਸਵਿੰਦਰ ਸਿੰਘ ਪੁੱਤਰ ਰਮੇਸ਼ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਖ਼ਿਲਾਫ਼ ਤੇ 12/13 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਜਿਕਰਯੋਗ ਹੈ ਕਿ ਜ਼ਮੀਨ ਦੇ ਮਾਲਕ ਕੇਹਰ ਸਿੰਘ 'ਤੇ ਕੁਝ ਦਿਨ ਪਹਿਲਾਂ ਹੀ ਪੁਲਿਸ ਵਲੋਂ ਲੜਾਈ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕੇਹਰ ਸਿੰਘ ਤੇ ਉਸ ਦਾ ਪਰਿਵਾਰ ਘਰੋਂ ਬਾਹਰ ਚੱਲ ਰਹੇ ਹਨ, ਜਿਸ ਦਾ ਫਾਇਦਾ ਚੁੱਕਦੇ ਹੋਏ ਰੰਜ਼ਿਸ਼ ਦੇ ਚਲਦੇ ਉਕਤ ਲੋਕਾਂ ਨੇ ਅੱਠ ਕਿੱਲੇ ਜ਼ਮੀਨ ਦੀ ਖੜ੍ਹੀ ਕਣਕ ਨੂੰ ਵੱਢਣ ਦਾ ਲਾਹਾ ਲੈ ਲਿਆ ਸੀ, ਜੋ ਉਲਟਾ ਪੈਂਦਾ ਨਜ਼ਰ ਆ ਰਿਹਾ ਹੈ |