ਜਲੰਧਰ, 25 ਅਪ੍ਰੈਲ (ਡਾ. ਜਤਿੰਦਰ ਸਾਬੀ)-ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨਾਲ ਮੁਲਾਕਾਤ ਕੀਤੀ | ਇਸ ਮੌਕੇ ਸੁਰਿੰਦਰ ਭਾਪਾ ਨੇ ਡਿਪਟੀ ਕਮਿਸ਼ਨਰ ਨੂੰ ਜਲੰਧਰ 'ਚ ਹੁੰਦੀਆਂ ਖੇਡ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣੂੰ ਕਰਵਾਇਆ ਤੇ ਦੱਸਿਆ ਕਿ ਜਲੰਧਰ ਸ਼ਹਿਰ ਜਿਥੇ ਖੇਡਾਂ ਦਾ ਸਾਮਾਨ ਬਣਾਉਣ 'ਚ ਮੋਹਰੀ ਹੈ ਉੱਥੇ ਸ਼ਹਿਰ 'ਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਕਿਸਮ ਦੇ ਜਿਵੇਂ ਹਾਕੀ, ਕਿ੍ਕਟ, ਬੈਡਮਿੰਟਨ ਤੇ ਹੋਰ ਖੇਡਾਂ ਦੇ ਸਟੇਟ ਲੈਵਲ 'ਤੇ ਨੈਸ਼ਨਲ ਪੱਧਰ ਤੱਕ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸੁਰਿੰਦਰ ਭਾਪਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਤਰ੍ਹਾਂ ਨਾਲ ਸਹਿਯੋਗ ਦਿੰਦੇ ਰਹਿਣਗੇ |