ਜਲੰਧਰ, 5 ਮਈ (ਜਤਿੰਦਰ ਪੰਮੀ)-ੁੱਖ ਮੰਤਰੀ ਭਗਵੰਤ ਮਾਨ ਦੀ 7 ਮਈ ਨੂੰ ਜ਼ਿਲ੍ਹੇ 'ਚ ਹੋਣ ਵਾਲੀ 'ਸ਼ੁਕਰਾਨਾ ਯਾਤਰਾ' ਦੇ ਮੱਦੇਨਜ਼ਰ ਜ਼ਿਲ੍ਹਾ ਦਿਹਾਤੀ ਪੁਲਿਸ ਮੁਸਤੈਦ ਹੋ ਗਈ ਹੈ | ਇਸ ਪ੍ਰੋਗਰਾਮ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਤੇ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਮੰਗਲਵਾਰ ਨੂੰ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿੱਚ ਵਨੀਤ ਆਹਲਾਵਤ ਐੱਸ.ਪੀ. (ਤਫਤੀਸ਼), ਮੁਕੇਸ਼ ਕੁਮਾਰ ਐੱਸ.ਪੀ. (ਸਥਾਨਕ), ਮਨਜੀਤ ਕੌਰ ਐੱਸ.ਪੀ. (ਪੀ.ਬੀ.ਆਈ.) ਸਮੇਤ ਸਮੂਹ ਡੀ.ਐੱਸ.ਪੀ., ਐੱਸ.ਐਚ.ਓ., ਪੁਲਿਸ ਚੌਕੀ ਇੰਚਾਰਜ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ | ਮੀਟਿੰਗ ਦੌਰਾਨ ਸੁਰੱਖਿਆ ਯੋਜਨਾ, ਰੂਟ ਸੁਰੱਖਿਆ, ਭੀੜ ਪ੍ਰਬੰਧਨ, ਟ੍ਰੈਫਿਕ ਵਿਵਸਥਾ ਅਤੇ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਐੱਸ.ਐੱਸ.ਪੀ. ਵਿਰਕ ਨੇ ਯਾਤਰਾ ਦੌਰਾਨ ਪੁਖਤਾ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਨਿਰਦੇਸ਼ ਜਾਰੀ ਕੀਤੇੇ | ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ 24 ਘੰਟੇ ਤਾਇਨਾਤੀ, ਰੂਟ ਦੀ ਐਂਟੀ-ਸਬੋਟਾਜ ਚੈਕਿੰਗ ਅਤੇ ਪੂਰੇ ਰੂਟ 'ਤੇ ਮਜ਼ਬੂਤ ਬੈਰੀਕੇਡਿੰਗ ਯਕੀਨੀ ਬਣਾਈ ਜਾਵੇ | ਇਸ ਤੋਂ ਇਲਾਵਾ ਹਾਈ-ਟੈਕ ਚੈਕ ਪੁਆਇੰਟਾਂ ਰਾਹੀਂ ਸਖਤ ਨਿਗਰਾਨੀ ਕਰਨ ਅਤੇ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਖ਼ਿਲਾਫ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ | ਦੋਪਹੀਆ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਵੀ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੂੰ ਸਮਾਗਮ ਦੌਰਾਨ ਆਵਾਜਾਈ ਸੁਚਾਰੂ ਤੇ ਬਿਨਾਂ ਰੁਕਾਵਟ ਜਾਰੀ ਰੱਖਣ ਲਈ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ | ਸਮੂਹ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਨਿਯਮਿਤ ਗਸ਼ਤ ਜਾਰੀ ਰੱਖਣ, ਭੀੜਭਾੜ ਅਤੇ ਸੰਵੇਦਨਸੀਲ ਥਾਵਾਂ 'ਤੇ ਵਧੀਕ ਚੌਕਸੀ ਵਰਤਣ ਅਤੇ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ |