ਜਲੰਧਰ, 20 ਮਈ (ਸ਼ਿਵ)- ਅੱਜ ਨਗਰ ਨਿਗਮ ਡਰਾਈਵਰ ਅਤੇ ਜੇ. ਸੀ.ਬੀ. ਆਪਰੇਟਰ ਯੂਨੀਅਨ ਵੱਲੋਂ ਕੂੜਾ ਚੁੱਕਣ ਦਾ ਕੰਮ ਬੰਦ ਰੱਖਿਆ ਗਿਆ | ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਕੰਮ ਬੰਦ ਰੱਖਿਆ ਗਿਆ ਜਿਨ੍ਹਾਂ ਵਿਚ ਸੀਨੀਅਰ ਡਰਾਈਵਰਾਂ ਦੀ ਤਰੱਕੀ ਦੇਣਾ ਅਤੇ ਬਿਲ ਕਲਰਕਾਂ ਨੂੰ ਬਦਲਣਾ ਸੀ ਤੇ ਉਨ੍ਹਾਂ ਦੇ ਖਾਤਿਆਂ ਬਾਰੇ ਮੰਗ ਸ਼ਾਮਿਲ ਸੀ | ਦੂਜੇ ਪਾਸੇ ਡਰਾਈਵਰ ਅਤੇ ਟੈਕਨੀਕਲ ਅਤੇ ਹੈਲਥ ਬਰਾਂਚ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਕੂੜਾ ਚੁੱਕਣ ਦਾ ਕੰਮ ਕੀਤਾ ਗਿਆ | ਉਨ੍ਹਾਂ ਨੇ ਸ਼ਹਿਰ ਦੇ ਕਈ ਡੰਪ ਸਾਈਟਾਂ ਤੋਂ ਕੂੜਾ ਚੁਕਵਾਇਆ | ਉਨ੍ਹਾਂ ਦੀ ਯੂਨੀਅਨ ਦੇ ਡਰਾਈਵਰਾਂ ਵੱਲੋਂ ਬਾਅਦ ਦੁਪਹਿਰ ਨਗਰ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੀਟਿੰਗ ਹੋਈ | ਡਰਾਈਵਰ ਅਤੇ ਜੇ.ਸੀ.ਬੀ. ਆਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ ਅਤੇ ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨਾਲ ਮੀਟਿੰਗ ਹੋਈ | ਯੂਨੀਅਨ ਦੀ ਮੰਗਾਂ ਨੂੰ ਮੇਅਰ ਵਨੀਤ ਧੀਰ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਨੂੰ ਹੱਲ ਕਰਵਾਇਆ ਜਾਵੇਗਾ | ਬਾਅਦ ਵਿਚ ਡਰਾਈਵਰ ਤੇ ਜੇ.ਸੀ.ਬੀ. ਆਪਰੇਟਰ ਯੂਨੀਅਨ ਵੱਲੋਂ ਹੜਤਾਲ ਵਾਪਸ ਲੈ ਲਈ ਗਈ ਅਤੇ 21 ਮਈ ਨੂੰ ਸਵੇਰ ਤੋਂ ਹੀ ਸਫ਼ਾਈ ਵਿਵਸਥਾ ਸੁਚਾਰੂ ਕੀਤੀ ਜਾਵੇਗੀ | ਜੋ ਡੰਪ ਰਹਿ ਗਏ ਸਨ ਉਹ ਸਵੇਰ ਤੋਂ ਮੁੜ ਸਾਫ਼ ਕਰ ਦਿੱਤੇ ਜਾਣਗੇ |