ਜਲੰਧਰ, 22 ਮਈ (ਸ਼ਿਵ)-ਸਵਦੇਸ਼ੀ ਜਾਗਰਣ ਮੰਚ ਵਲੋਂ ਸਵਦੇਸ਼ੀ 'ਤੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਜਿੱਥੇ ਦੇਸ਼ ਦੀ ਅਰਥਵਿਵਸਥਾ ਹੋਰ ਮਜ਼ਬੂਤ ਕਰਨ ਲਈ ਸਵਦੇਸ਼ੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਦਾ ਸੱਦਾ ਦਿੱਤਾ ਗਿਆ ਤੇ ਉੱਥੇ ਪੰਜਾਬ ਦੀ ਖ਼ੁਸ਼ਹਾਲੀ ਲਈ ਜ਼ਿਆਦਾ ਤੋਂ ਜ਼ਿਆਦਾ ਛੋਟੇ ਸਨਅਤੀ ਯੂਨਿਟਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਕੀਮਾਂ ਲਾਗੂ ਕਰਨ ਦੀ ਮੰਗ ਕੀਤੀ ਗਈ | ਇਸ ਸੈਮੀਨਾਰ ਵਿਚ ਆਰ. ਐੱਸ.ਐੱਸ. ਤੋਂ ਡਾ. ਸਤੀਸ਼ ਸ਼ਰਮਾ, ਨਵਦੀਪ ਤੋਂ ਇਲਾਵਾ ਵਿਨੇ ਕੁਮਾਰ, ਡਾ. ਆਸ਼ੀਸ਼ ਅਰੋੜਾ, ਸਵਦੇਸ਼ੀ ਜਾਗਰਣ ਮੰਚ ਦੇ ਕਨਵੀਨਰ ਅਤੇ ਭਾਜਪਾ ਕੌਂਸਲਰ ਪ੍ਰੋ. ਕੰਵਰ ਸਰਤਾਜ ਸਿੰਘ, ਸੀਨੀਅਰ ਭਾਜਪਾ ਆਗੂ ਮਨੋਜ ਅਗਰਵਾਲ, ਏ.ਜੀ.ਆਈ. ਦੇ ਸੁਖਦੇਵ ਸਿੰਘ, ਸੀਮਾ ਧੂਮਲ ਤੋਂ ਇਲਾਵਾ ਹੋਰ ਵੀ ਲੋਕ ਵੱਡੀ ਗਿਣਤੀ ਵਿਚ ਇਸ ਸੈਮੀਨਾਰ ਵਿਚ ਸ਼ਾਮਿਲ ਹੋਏ | ਸੈਮੀਨਾਰ ਵਿਚ ਮੁੱਖ ਤੌਰ 'ਤੇ ਸਵਦੇਸ਼ੀ 'ਤੇ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਦੀ ਹੋਰ ਮਜ਼ਬੂਤੀ ਲਈ ਚੀਨ ਸਮੇਤ ਹੋਰ ਵਿਦੇਸ਼ੀ ਵਸਤਾਂ ਦੀ ਥਾਂ ਸਵਦੇਸ਼ੀ ਵਸਤਾਂ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਇਸ ਨਾਲ ਹੀ ਦੇਸ਼ ਵਿਚ ਆਪਣੇ ਲੋਕਾਂ ਦੇ ਕਾਰੋਬਾਰ ਵਿਚ ਵਾਧਾ ਹੋਵੇਗਾ 'ਤੇ ਲੋਕਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਹੋਣਗੇ | ਬੁਲਾਰਿਆਂ ਨੇ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਨਾਂ ਨੂੰ ਆਪਣੇ ਯੂਨਿਟ ਖ਼ੋਲ੍ਹ ਕੇ ਕੰਮ ਦੇਣ ਦੀ ਸੋਚ ਰੱਖਣੀ ਚਾਹੀਦੀ ਹੈ | ਬੁਲਾਰਿਆਂ ਨੇ ਪੰਜਾਬ ਵਿਚ ਨੌਜਵਾਨ ਦੇ ਵਿਦੇਸ਼ ਜਾਣ ਦੇ ਰੁਝਾਨ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਨਿਰਾਸ਼ ਹੋ ਕੇ ਵਿਦੇਸ਼ ਜਾਂਦੇ ਹਨ ਜਦਕਿ ਪੰਜਾਬ ਵਿਚ ਵੱਡੇ ਪੱਧਰ 'ਤੇ ਸਨਅਤੀ ਯੂਨਿਟ ਖੋਲੇ ਜਾਣੇ ਚਾਹੀਦੇ ਹਨ ਤਾਂ ਜੋ ਉਸ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਲਈ ਜ਼ਿਆਦਾ ਤੋ ਜ਼ਿਆਦਾ ਮੌਕੇ ਪੈਦਾ ਹੋ ਸਕਣ | ਇਸ ਮੌਕੇ ਬੁਲਾਰਿਆਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਵਿਸ਼ਾਲ ਸਰਵਿਸ ਖੇਤਰ ਮੌਜੂਦ ਹੈ ਪਰ ਇਸ ਦਾ ਕੋਈ ਲਾਭ ਨਹੀਂ ਹੈ | ਕੇਂਦਰ ਵਲੋਂ ਸਨਅਤੀ ਯੂਨਿਟ ਲਗਾਉਣ ਲਈ ਕਈ ਲਾਭਕਾਰੀ ਸਕੀਮਾਂ ਮੌਜੂਦ ਹਨ ਤੇ ਲੋਕਾਂ ਨੂੰ ਇਸ ਦਾ ਫ਼ਾਇਦਾ ਉਠਾ ਕੇ ਮੇਕ ਇਨ ਇੰਡੀਆ ਦੇ ਸੁਫ਼ਨੇ ਨੂੰ ਪੂਰਾ ਕਰਨ ਦਾ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਏ. ਜੀ. ਆਈ. ਦੇ ਐਮ. ਡੀ. ਸੁਖਦੇਵ ਸਿੰਘ ਨੇ ਆਪਣੇ ਤਜਰਬੇ ਵੀ ਹਾਜਰ ਲੋਕਾਂ ਨਾਲ ਸਾਂਝੇ ਕੀਤੇ ਜਦਕਿ ਸਵਦੇਸ਼ੀ ਜਾਗਰਣ ਮੰਚ ਦੇ ਕਨਵੀਨਰ ਪ੍ਰੋ. ਕੰਵਰ ਸਰਤਾਜ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰਾਂ ਨਾਲ ਲੋਕਾਂ ਨੂੰ ਕਾਫੀ ਫ਼ਾਇਦਾ ਮਿਲਦਾ ਹੈ |