05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ 'ਚ ਚੋਣਾਂ ਲਈ 133 ਪੋਲਿੰਗ ਪਾਰਟੀਆਂ ਰਵਾਨਾ, ਅੱਜ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ

Ad Position 21
No active advertisement
ਅਜੀਤ ਡੈਸਕ 26-05-2026
ਜਲੰਧਰ, 25 ਮਈ (ਜਤਿੰਦਰ ਪੰਮੀ)-ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਲਈ 26 ਮਈ ਨੂੰ ਪੈਣ ਜਾ ਰਹੀਆਂ ਵੋਟਾਂ ਲਈ 133 ਪੋਲਿੰਗ ਪਾਰਟੀਆਂ ਡਿਸਪੈਚ ਸੈਂਟਰਾਂ ਤੋਂ ਚੋਣ ਸਮੱਗਰੀ ਸਮੇਤ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋਈਆਂ | ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਵੰਡਣ ਦਾ ਕੰਮ ਸਵੇਰੇ 11 ਵਜੇ ਸ਼ੁਰੂ ਹੋਇਆ ਜੋ ਬਾਅਦ ਦੁਪਹਿਰ ਤਿੰਨ ਵਜੇ ਤੱਕ ਚੱਲਦਾ ਰਿਹਾ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਪੋਲਿੰਗ ਪਾਰਟੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਚੋਣ ਅਮਲੇ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣ ਰਹੇ ਹਨ | ਉਨ੍ਹਾਂ ਚੋਣ ਸਟਾਫ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ | ਇਸ ਉਪਰੰਤ ਚੋਣ ਸਮੱਗਰੀ ਲੈ ਕੇ ਪੋਲਿੰਗ ਅਮਲਾ ਆਪੋ-ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਹੋ ਗਿਆ | ਹਰੇਕ ਪੋਲਿੰਗ ਪਾਰਟੀ ਵਿੱਚ ਇਕ ਪੀ.ਆਰ.ਓ., ਇਕ ਏ.ਪੀ.ਆਰ.ਓ ਅਤੇ 3 ਪੀ.ਓ. ਸ਼ਾਮਿਲ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਚੋਣਾਂ ਵਿਚ ਵੋਟਾਂ ਦੇ ਅਮਲ ਨੇਪਰੇ ਚਾੜ੍ਹਨ ਲਈ 800 ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ, ਜਿਸ 'ਚ 20 ਫੀਸਦੀ ਰਿਜ਼ਰਵ ਸ਼ਾਮਲ ਹਨ | ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਵੇਗਾ ਜੋ ਸ਼ਾਮ 5 ਵਜੇ ਤਕ ਚੱਲੇਗਾ ਜਦੋਂਕਿ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ | ਦੱਸਣਯੋਗ ਹੈ ਕਿ 5 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਲਈ 341 ਉਮੀਦਵਾਰ ਚੋਣਾਂ ਲੜ ਰਹੇ ਹਨ | ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਲਈ 44, ਨਗਰ ਕੌਂਸਲ ਕਰਤਾਰਪੁਰ ਦੇ 15 ਵਾਰਡਾਂ ਲਈ 50, ਨਕੋਦਰ ਦੇ 17 ਵਾਰਡਾਂ ਲਈ 55 ਅਤੇ ਨੂਰਮਹਿਲ ਦੇ 13 ਵਾਰਡਾਂ ਲਈ 41 ਉਮੀਦਵਾਰ ਚੋਣ ਮੈਦਾਨ ਵਿੱਚ ਹਨ | ਨਗਰ ਕੌਂਸਲ ਫਿਲੌਰ ਦੇ 15 ਵਾਰਡਾਂ ਲਈ 63 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ ਸਨ ਅਤੇ 5 ਉਮੀਦਵਾਰਾਂ ਵੱਲੋਂ ਨਾਜ਼ਦਗੀਆਂ ਵਾਪਸ ਲੈਣ ਉਪਰੰਤ 58 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਸਨ | ਇੱਥੇ ਇੱਕ ਉਮੀਦਵਾਰ ਵੱਲੋਂ ਇਕੋ ਵਾਰਡ ਤੋਂ ਦੋ ਨਾਮਜਦਗੀ ਪੱਤਰ ਭਰੇ ਗਏ ਸਨ, ਜਿਸ ਕਰਕੇ ਨਗਰ ਕੌਂਸਲ ਫਿਲੌਰ ਤੋਂ ਉਮੀਦਵਾਰਾਂ ਦੀ ਗਿਣਤੀ 57 ਹੈ | ਇਸ ਤੋਂ ਇਲਾਵਾ ਨਗਰ ਪੰਚਾਇਤ ਮਹਿਤਪੁਰ ਤੇ ਲੋਹੀਆਂ ਖਾਸ ਦੇ 13-13 ਵਾਰਡਾਂ ਲਈ 47-47 ਉਮੀਦਵਾਰ ਚੋਣ ਮੈਦਾਨ ਵਿੱਚ ਹਨ | ਇਨ੍ਹਾਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਵਿੱਚ ਕੁੱਲ 1,08,067 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 54,943 ਪੁਰਸ਼ ਅਤੇ 53,116 ਮਹਿਲਾ ਅਤੇ 8 ਅਦਰ ਵੋਟਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਕੋਦਰ ਵਿੱਚ 14173 ਪੁਰਸ਼, 13788 ਮਹਿਲਾ ਤੇ 3 ਅਦਰ ਵੋਟਰਾਂ ਸਮੇਤ 27,964 ਵੋਟਰ ਹਨ | ਇਸੇ ਤਰ੍ਹਾਂ ਨਗਰ ਕੌਂਸਲ ਆਦਮਪੁਰ ਵਿੱਚ 6415 ਪੁਰਸ਼, 6194 ਮਹਿਲਾ ਅਤੇ ਇਕ ਅਦਰ ਵੋਟਰ ਸਮੇਤ 12,610 ਵੋਟਰ, ਕਰਤਾਰਪੁਰ ਵਿੱਚ 10120 ਪੁਰਸ਼, 9614 ਮਹਿਲਾ ਅਤੇ 2 ਅਦਰ ਵੋਟਰਾਂ ਸਮੇਤ 19,736 ਵੋਟਰ, ਨੂਰਮਹਿਲ ਵਿੱਚ 5695 ਪੁਰਸ਼ ਤੇ 5410 ਮਹਿਲਾ ਵੋਟਰਾਂ ਸਮੇਤ 11,105 ਵੋਟਰ ਅਤੇ ਨਗਰ ਕੌਂਸਲ ਫਿਲੌਰ ਵਿੱਚ 9710 ਪੁਰਸ਼, 9468 ਮਹਿਲਾ ਅਤੇ ਇਕ ਅਦਰ ਵੋਟਰ ਸਮੇਤ 19,179 ਵੋਟਰ ਹਨ | ਇਸ ਤੋਂ ਇਲਾਵਾ ਨਗਰ ਪੰਚਾਇਤ ਲੋਹੀਆਂ ਵਿੱਚ 7,958 ਵੋਟਰ ਹਨ, ਜਿਨ੍ਹਾਂ ਵਿੱਚ 3914 ਪੁਰਸ਼ ਅਤੇ 4044 ਮਹਿਲਾ ਵੋਟਰ ਸ਼ਾਮਲ ਹਨ ਜਦਕਿ ਨਗਰ ਪੰਚਾਇਤ ਮਹਿਤਪੁਰ ਵਿੱਚ 4916 ਪੁਰਸ਼, 4598 ਮਹਿਲਾ ਅਤੇ ਇਕ ਅਦਰ ਵੋਟਰ ਸਮੇਤ 9,515 ਵੋਟਰ ਹਨ | ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਵੋਟਾਂ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਲਈ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਗਈ ਹੈ | ਡੀਸੀ ਵਾਲੀਆ ਨੇ ਅੱਗੇ ਦੱਸਿਆ ਕਿ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ |
ਸੁਰੱਖਿਆ ਪ੍ਰਬੰਧ ਮੁਕੰਮਲ, ਕਰੀਬ 1200 ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ-ਐੱਸ.ਐੱਸ.ਪੀ.
ਮੰਗਲਵਾਰ ਨੂੰ ਚੋਣ ਪ੍ਰਕਿਰਿਆ ਸ਼ਾਂਤੀਪੂਰਨ, ਨਿਰਪੱਖ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਵੱਲੋਂ ਸਮੂਹ ਗਜ਼ਟਿਡ ਅਫਸਰਾਂ, ਐੱਸ.ਐਚ.ਓਜ਼ ਅਤੇ ਚੌਕੀ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਅਤੇ ਚੋਣ ਪ੍ਰਕਿਰਿਆ ਸੁਚੱਜੇ ਢੰਗ ਨਾਲ ਕਰਵਾਉਣ ਸੰਬੰਧੀ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ | ਐੱਸਐੱਸਪੀ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਕਰੀਬ 1200 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ | ਇਸ ਤੋਂ ਇਲਾਵਾ ਕਿਸੇ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਪੋਲਿੰਗ ਬੂਥਾਂ 'ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ | ਇਸ ਦੇ ਨਾਲ ਹੀ ਚੋਣ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਗਜ਼ਟਿਡ ਅਫਸਰਾਂ ਨੂੰ ਆਪਣੇ-ਆਪਣੇ ਇਲਾਕਿਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਲਗਾਤਾਰ ਫਲੈਗ ਮਾਰਚ, ਐਂਟੀ ਸਾਬੋਟਾਜ਼ ਚੈਕਿੰਗ, ਪੋਲਿੰਗ ਬੂਥਾਂ ਦੀ ਜਾਂਚ ਅਤੇ ਦਿਨ-ਰਾਤ ਨਾਕਾਬੰਦੀ/ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ | ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਰਦੁਆਰਿਆਂ, ਧਾਰਮਿਕ ਸਥਾਨਾਂ ਅਤੇ ਡੇਰਿਆਂ ਨੂੰ ਵੀ ਸੰਵੇਦਨਸ਼ੀਲ ਥਾਵਾਂ ਵਜੋਂ ਚਿੰਨਿ੍ਹਤ ਕੀਤਾ ਗਿਆ ਹੈ ਅਤੇ ਉੱਥੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਇਨ੍ਹਾਂ ਸਥਾਨਾਂ 'ਤੇ ਅਮਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵਿਸੇਸ ਪੈਟਰੋਲਿੰਗ ਪਾਰਟੀਆਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਪੈਟਰੋਲਿੰਗ ਪਾਰਟੀਆਂ ਅਤੇ ਈ.ਆਰ.ਵੀ ਟੀਮਾਂ ਨੂੰ 24 ਘੰਟੇ ਸਰਗਰਮ ਰੱਖਿਆ ਗਿਆ ਹੈ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਸ਼ੱਕੀ ਗਤੀਵਿਧੀ, ਝਗੜੇ, ਗੈਰ-ਕਾਨੂੰਨੀ ਕਾਰਵਾਈ ਜਾਂ ਕਾਨੂੰਨ ਦੀ ਉਲੰਘਣਾ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ | ਕਿਸੇ ਵੀ ਜਾਣਕਾਰੀ ਜਾਂ ਐਮਰਜੈਂਸੀ ਸਹਾਇਤਾ ਲਈ ਲੋਕ 112 ਹੈਲਪਲਾਈਨ 'ਤੇ ਸੰਪਰਕ ਕਰ ਸਕਦੇ ਹਨ | ਐੱਸ.ਐੱਸ.ਪੀ. ਵਿਰਕ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਦਿਹਾਤੀ ਪੁਲਿਸ ਚੋਣ ਪ੍ਰਕਿਰਿਆ ਨੂੰ ਪੂਰੀ ਨਿਰਪੱਖਤਾ, ਸੁਰੱਖਿਆ ਅਤੇ ਪਾਰਦਰਸ਼ਤਾ ਨਾਲ ਸੰਪੰਨ ਕਰਵਾਉਣ ਲਈ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਜਵਾਲਾ ਜੀ ਨੂੰ ਚੱਲਣ ਵਾਲੀਆਂ ਪੰਜਾਬ ਰੋਡਵੇਜ਼ ਜਲੰਧਰ ਦੀਆਂ ਦੋ ਬੱਸਾਂ ਦਾ ਰੂਟ ਬੰਦ ਹੋਣ ਨਾਲ ਲੋਕਾਂ 'ਚ ਰੋਹ ਜਲੰਧਰ... ਅਗਲੀ ਖ਼ਬਰ ਦਿਨੋਂ-ਦਿਨ ਵਧ ਰਹੀ ਮਹਿੰਗਾਈ ਦੇ ਰੋਸ ਵਜੋਂ ਕਾਂਗਰਸੀ ਆਗੂਆਂ ਨੇ ਮੋਦੀ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜਤਾਇਆ...
Ad Position 24