ਜਲੰਧਰ, 25 ਮਈ (ਜਤਿੰਦਰ ਪੰਮੀ, ਸ਼ੈਲੀ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ਤੋਂ ਜਵਾਲਾ ਜੀ ਨੂੰ ਸਵੇਰੇ ਜਾਣ ਵਾਲੀਆਂ ਪੰਜਾਬ ਰੋਡਵੇਜ਼ ਦੇ ਡੀਪੂ-2 ਦੀਆਂ ਦੋ ਬੱਸਾਂ ਦੇ ਰੂਟ ਪਿਛਲੇ ਸਮੇਂ ਬੰਦ ਕਰ ਦਿੱਤੇ ਜਾਣ ਨਾਲ ਇਸ ਰੂਟ ਦੇ ਆਮ ਲੋਕਾਂ ਤੋਂ ਵਿਸ਼ੇਸ਼ ਕਰਕੇ ਹਿਮਾਚਲ ਪ੍ਰਦੇਸ਼ ਜਾਣ ਵਾਲੇ ਸ਼ਰਧਾਲੂਆਂ 'ਚ ਰੋਹ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਹ ਰੂਟ ਪਿਛਲੇ 50-60 ਸਾਲਾਂ ਤੋਂ ਸਾਲਾਂ ਤੋਂ ਚੱਲ ਰਹੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਜਨਰਲ ਮੈਨੇਜਰ ਵਲੋਂ ਉਕਤ ਦੋਵੇਂ ਰੂਟ ਬੰਦ ਕੀਤੇ ਜਾਣ ਨਾਲ ਜਿੱਥੇ ਸਰਕਾਰ ਨੂੰ ਘਾਟਾ ਪੈ ਰਿਹਾ ਹੈ, ਉਥੇ ਹੀ ਨਿੱਜੀ ਬੱਸਾਂ ਵਾਲਿਆਂ ਦੀ ਚਾਂਦੀ ਲੱਗੀ ਹੋਈ ਹੈ | ਦੱਸਣਯੋਗ ਹੈ ਕਿ ਪੰਜਾਬ ਰੋਡਵੇਜ਼ ਜਲੰਧਰ ਦੇ ਦੋ ਨੰਬਰ ਡੀਪੂ ਦੀ ਬੱਸ ਰੋਜ਼ਾਨਾ ਸਵੇਰੇ 7 ਵਜੇ ਜਵਾਲਾ ਜੀ ਲਈ ਚੱਲਦੀ ਸੀ, ਜੋ ਕਿ ਹੁਸ਼ਿਆਰਪੁਰ ਵਿਖੇ 8.12 ਵਜੇ ਪੁੱਜ ਜਾਂਦੀ ਸੀ ਤੇ ਉਥੋਂ 8.20 ਵਜੇ ਜਵਾਲਾ ਲਈ ਚੱਲਦੀ ਸੀ | ਇਹ ਬੱਸ ਜਵਾਲਾ ਜੀ ਤੋਂ ਜਲੰਧਰ ਲਈ ਦੁਪਹਿਰ 12.30 ਵਜੇ ਵਾਪਸ ਚੱਲਦੀ ਸੀ | ਇਸ ਬੱਸ 'ਚ ਜਲੰਧਰ ਤੋਂ ਹੁਸ਼ਿਆਰਪੁਰ ਤਕ ਪੈਂਦੇ ਵੱਖ-ਵੱਖ ਕਸਬਿਆਂ 'ਚ ਡਿਊਟੀ 'ਤੇ ਜਾਣ ਵਾਲੇ ਲੋਕ ਸਫਰ ਕਰਦੇ ਸਨ | ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨਾਂ 'ਤੇ ਯਾਤਰਾ ਕਰਨ ਜਾਣ ਵਾਲੇ ਸ਼ਰਧਾਲੂ ਵੀ ਜਾਂਦੇ ਸਨ | ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਦੀ ਡੀਪੂ ਨੰਬਰ 2 ਇਕ ਹੋਰ ਬੱਸ ਰੋਜ਼ਾਨਾ ਸਵੇਰੇ 9.38 'ਤੇ ਚੱਲਦੀ ਸੀ, ਜਿਸ ਦਾ ਹੁਸ਼ਿਆਰਪੁਰ ਪੁੱਜਣ ਦਾ ਸਮਾਂ 11.12 ਵਜੇ ਸੀ ਅਤੇ ਉਥੋਂ 11.20 ਵਜੇ ਜਵਾਲਾ ਲਈ ਚੱਲਦੀ ਸੀ | ਇਸ ਬੱਸ ਦੀ ਵਾਪਸੀ ਦਾ ਸਮਾਂ ਜਵਾਲਾ ਜੀ ਤੋਂ ਬਾਅਦ ਦੁਪਹਿਰ 2.40 ਦਾ ਸੀ, ਜੋ ਕਿ ਵੱਖ-ਵੱਖ ਅੱਡਿਆਂ 'ਤੇ ਰੁਕਦੀ ਹੋਈ ਸ਼ਾਮ ਨੂੰ ਜਲੰਧਰ ਬੱਸ ਅੱਡੇ 'ਤੇ ਪੁੱਜੀ ਸੀ | ਇਨ੍ਹਾਂ ਬੱਸਾਂ 'ਚ ਆਮ ਲੋਕਾਂ ਤੇ ਸ਼ਰਧਾਲੂਆਂ ਤੋਂ ਇਲਾਵਾ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਵੀ ਸਫ਼ਰ ਕਰਦੇ ਸਨ ਕਿਉਂਕਿ ਸਵੇਰ ਦਾ ਪਹਿਲਾ ਰੂਟ ਡਿਊਟੀ 'ਤੇ ਜਾਣ ਵਾਲੇ ਮੁਲਾਜ਼ਮਾਂ ਲਈ ਬਹੁਤ ਹੀ ਲਾਹੇਵੰਦ ਸੀ | ਰੋਜ਼ਾਨਾ ਸਫ਼ਰ ਕਰਨ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਬੱਸਾਂ ਦੇ ਰੂਟ ਬੰਦ ਪੰਜਾਬ ਰੋਡਵੇਜ਼ ਡੀਪੂ ਨੰਬਰ-2 ਦੇ ਜਨਰਲ ਮੈਨੇਜਰ ਵਲੋਂ ਬਿਨਾਂ ਕਿਸੇ ਕਾਰਨ ਬੰਦ ਕਰ ਦਿੱਤੇ ਗਏ ਹਨ | ਇਸ ਨਾਲ ਜਲੰਧਰ ਤੋਂ ਇਲਾਵਾ ਹੋਰਨਾਂ ਜ਼ਿਲਿ੍ਹਆਂ ਤੋਂ ਆਉਣ ਵਾਲੇ ਸ਼ਰਧਾਲੂ ਜਿਹੜੇ ਹਿਮਾਚਲ ਪ੍ਰਦੇਸ਼ 'ਚ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋਣ ਜਾਂਦੇ ਸਨ, ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਨੇ ਪੰਜਾਬ ਰੋਡਵੇਜ਼ ਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਹ ਦੋਵੇਂ ਰੂਟ ਜਲਦ ਤੋਂ ਜਲਦ ਸ਼ੁਰੂ ਕੀਤੇ ਜਾਣ ਤੋਂ ਰੋਜ਼ਾਨਾ ਸਫਰ ਕਰਨ ਵਾਲੇ ਤੇ ਸ਼ਰਧਾਲੂ ਆਸਾਨੀ ਨਾਲ ਜਾ ਸਕਣ ਅਤੇ ਪੰਜਾਬ ਰੋਡਵੇਜ਼ ਦੀ ਆਮਦਨ ਵੀ ਵਧੇ | ਉਕਤ ਦੋਵੇਂ ਰੂਟ ਬੰਦ ਕਰਨ ਸੰਬੰਧੀ ਜਦੋਂ ਪੰਜਾਬ ਰੋਡਵੇਜ਼ ਜਲੰਧਰ ਦੇ ਡੀਪੂ ਨੰਬਰ-2 ਦੇ ਜਨਰਲ ਮੈਨੇਜਰ ਗੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੱਸਾਂ ਦੀ ਘਾਟ ਕਾਰਨ ਇਹ ਰੂਟ ਬੰਦ ਕਰਨੇ ਪਏ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਨਵੀਆਂ ਬੱਸਾਂ ਆ ਰਹੀਆਂ ਹਨ ਤੇ ਅਗਲੇ ਮਹੀਨੇ ਤਕ ਦੋਵੇਂ ਰੂਟ ਮੁੜ ਸ਼ੁਰੂ ਕਰ ਦਿੱਤੇ ਜਾਣਗੇ |