ਮਲਸੀਆਂ, 29 ਮਈ (ਦਲਜੀਤ ਸਿੰਘ ਸਚਦੇਵਾ)- ਨਗਰ ਪੰਚਾਇਤ ਚੋਣਾਂ ਵਿਚ ਲੋਹੀਆਂ ਦੇ ਲੋਕਾਂ ਨੇ 'ਆਪ' ਨੂੰ 9 ਸੀਟਾਂ 'ਤੇ ਜਿਤਾ ਕੇ ਪਾਰਟੀ ਦੀਆਂ ਨੀਤੀਆਂ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ | ਇਹ ਜਿੱਤ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਦੀ ਜਿੱਤ ਹੈ | ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਅਦਾਰੇ ਬੈਕਫਿੰਕੋ ਦੇ ਸੂਬਾ ਵਾਈਸ ਚੇਅਰਮੈਨ ਤੇ 'ਆਪ' ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਨੇ ਗੱਲਬਾਤ ਕਰਦਿਆਂ ਕੀਤਾ | ਲੋਹੀਆਂ ਦੇ ਵੋਟਰਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਖੋਖਲੇ ਵਾਅਦਿਆਂ ਦੇ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਹੋ ਰਹੇ ਵਿਕਾਸ ਦੇ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਾਡੀ ਸਰਕਾਰ ਨੇ ਸਿਹਤ, ਸਿੱਖਿਆ, ਬਿਜਲੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਜੋ ਸੁਧਾਰ ਕੀਤੇ ਹਨ, ਉਹ ਲੋਕਾਂ ਤੱਕ ਪਹੁੰਚ ਰਹੇ ਹਨ | ਲੋਹੀਆਂ ਦੇ ਲੋਕਾਂ ਵਲੋਂ 9 ਸੀਟਾਂ 'ਤੇ ਜਿੱਤ ਦਿਵਾਉਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਜਨਤਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ | ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਤੇ ਉਹ ਜਾਣਦੇ ਹਨ ਕਿ ਕਿਹੜੀ ਪਾਰਟੀ ਸੱਚਮੁੱਚ ਉਨ੍ਹਾਂ ਦਾ ਭਲਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਸਫਾਇਆ ਇਸ ਗੱਲ ਦਾ ਸਬੂਤ ਹੈ ਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਦੀ ਨੀਤੀਆਂ ਹੁਣ ਲੋਕਾਂ ਨੂੰ ਪ੍ਰਵਾਨ ਨਹੀਂ ਹਨ | ਉਨ੍ਹਾਂ ਲੋਹੀਆਂ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਆਪ' ਸਰਕਾਰ ਲੋਕਾਂ ਦੇ ਇਸ ਵਿਸ਼ਵਾਸ ਨੂੰ ਕਦੇ ਵੀ ਟੁੱਟਣ ਨਹੀਂ ਦੇਵੇਗੀ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਜਾਰੀ ਰੱਖੇਗੀ | ਹੁਣ ਲੋਹੀਆਂ ਦਾ ਹਰ ਪੱਖੋਂ ਵਿਕਾਸ ਕਰਵਾਇਆ ਜਾਵੇਗਾ |