ਆਰ.ਟੀ.ਆਈ. ਕਾਰਕੁਨ ਦੇ ਕਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹੀ-ਡਾ.ਜਸਲੀਨ ਸੇਠੀ
ਅਜੀਤ ਡੈਸਕ
01-06-2026
ਜਲੰਧਰ, 31 ਮਈ (ਪਵਨ ਖਰਬੰਦਾ)-ਮਹਿਲਾ ਕਾਂਗਰਸ ਦੀ ਰਾਸ਼ਟਰੀ ਕੋਆਰਡੀਨੇਟਰ ਅਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਕਿਹਾ ਕਿ ਆਰ.ਟੀ.ਆਈ. ਕਾਰਕੁਨ ਅਤੇ ਵਕੀਲ ਸਿਮਰਨਜੀਤ ਸਿੰਘ ਦੇ ਕਤਲ ਨੇ ਪੰਜਾਬ ਵਿੱਚ ਬਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਉਜਾਗਰ ਕੀਤਾ ਹੈ | ਆਮ ਲੋਕ ਅਤੇ ਸਮਾਜ ਸੇਵਕ ਵੀ ਆਪ ਸਰਕਾਰ ਦੇ ਅਧੀਨ ਸੁਰੱਖਿਅਤ ਨਹੀਂ ਹਨ | ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ ਅਤੇ ਅਪਰਾਧੀਆਂ ਨੂੰ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਹੈ | ਡਾ. ਜਸਲੀਨ ਸੇਠੀ ਨੇ ਕਿਹਾ ਕਿ ਸੂਬੇ 'ਚ ਔਰਤਾਂ, ਕਾਰੋਬਾਰੀ, ਨੌਜਵਾਨ ਅਤੇ ਸਮਾਜਿਕ ਵਰਕਰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਸਰਕਾਰ ਦੀ ਤਰਜੀਹ ਜਨਤਕ ਸੁਰੱਖਿਆ ਹੋਣੀ ਚਾਹੀਦੀ ਹੈ, ਪਰ ਮੌਜੂਦਾ ਸਰਕਾਰ ਹਰ ਮੋਰਚੇ 'ਤੇ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਆਰ.ਟੀ.ਆਈ. ਕਾਰਕੁਨ ਪਾਰਦਰਸ਼ਤਾ ਲਈ ਅਤੇ ਸਮਾਜ ਵਿੱਚ ਭਿ੍ਸ਼ਟਾਚਾਰ ਵਿਰੁੱਧ ਲੜਦੇ ਹਨ | ਅਜਿਹੇ ਜਾਗਰੂਕ ਨਾਗਰਿਕਾਂ ਦਾ ਕਤਲ ਲੋਕਤੰਤਰ ਲਈ ਗੰਭੀਰ ਖ਼ਤਰੇ ਦਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਜੇਕਰ ਸੱਚ ਬੋਲਣ ਵਾਲੇ ਅਤੇ ਭਿ੍ਸ਼ਟਾਚਾਰ ਵਿਰੁੱਧ ਆਵਾਜ਼ ਚੁੱਕਣ ਵਾਲੇ ਲੋਕ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਕਲਪਨਾ ਆਸਾਨੀ ਨਾਲ ਕੀਤੀ ਜਾ ਸਕਦੀ ਹੈ |