ਜਲੰਧਰ, 11 ਜੂਨ (ਸ਼ਿਵ)-ਅੱਜ ਸ਼ਾਮ ਜੂਨ ਮਹੀਨੇ ਦੀ ਪਹਿਲੀ ਭਾਰੀ ਮੀਂਹ ਪੈਣ ਨਾਲ ਜਿੱਥੇ ਕਈ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਨਾਲ ਬੇਹਾਲ ਹੋਏ ਲੋਕਾਂ ਨੂੰ ਰਾਹਤ ਮਿਲੀ ਸਗੋਂ ਦੂਜੇ ਪਾਸੇ ਭਾਰੀ ਮੀਂਹ ਨਾਲ ਸਾਰਾ ਸ਼ਹਿਰ ਜਲਥਲ ਹੋ ਗਿਆ ਤੇ ਜਲੰਧਰ ਲੰਘਦਾ ਹਾਈਵੇ ਵੀ ਪਾਣੀ ਵਿਚ ਡੁੱਬ ਗਿਆ। ਅੱਜ ਸਵੇਰੇ ਹੀ ਹਵਾਵਾਂ ਚੱਲਣ ਨਾਲ ਮੌਸਮ ਵਿਚ ਬਦਲਾਅ ਮਹਿਸੂਸ ਕੀਤਾ ਜਾ ਰਿਹਾ ਸੀ ਸਗੋਂ ਸ਼ਾਮ ਨੂੰ ਤੇਜ਼ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੀ ਸਗੋਂ ਕਾਫ਼ੀ ਸਮੇਂ ਤੱਕ ਮੀਂਹ ਲੱਗਣ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਕਰਕੇ ਲੋਕਾਂ ਦਾ ਲੰਘਣਾ ਔਖਾ ਹੋ ਗਿਆ। ਕਈ ਇਲਾਕਿਆਂ ਵਿਚ ਪਾਣੀ ਭਰਨ ਨਾਲ ਲੋਕਾਂ ਦਾ ਲੰਘਣਾ ਔਖਾ ਹੋਇਆਂ ਤਾਂ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ। ਰੇਲਵੇ ਰੋਡ 'ਤੇ ਕਾਫ਼ੀ ਸਮੇਂ ਤੱਕ ਲੰਬਾ ਜਾਮ ਲੱਗ ਗਿਆ ਤੇ ਇਸ ਤੋਂ ਇਲਾਵਾ ਜਲੰਧਰ ਲੰਘਦਾ ਹਾਈਵੇ ਵੀ ਪਾਣੀ ਵਿਚ ਡੁੱਬ ਗਿਆ। ਗੱਡੀਆਂ ਕਾਫ਼ੀ ਹੌਲੀ ਗਤੀ ਨਾਲ ਚੱਲ ਰਹੀਆਂ ਸੀ। ਅਜੇ ਨਗਰ ਨਿਗਮ ਵਲੋਂ ਤਾਂ ਬਰਸਾਤਾਂ ਵਿਚ ਪਾਣੀ ਭਰਨ ਬਾਰੇ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਪਈ ਭਾਰੀ ਬਾਰਸ਼ ਕਾਰਨ ਨਿਗਮ ਪ੍ਰਸ਼ਾਸਨ ਲਈ ਵੀ ਕਾਫ਼ੀ ਮੁਸ਼ਕਿਲ ਆਉਣ ਵਾਲੀ ਹੈ ਕਿਉਂਕਿ ਹੇਠਲੇ ਇਲਾਕਿਆਂ ਵਿਚ ਐਨਾ ਜ਼ਿਆਦਾ ਪਾਣੀ ਭਰਨ ਨਾਲ ਲੋਕਾਂ ਲਈ ਵੱਡੀ ਸਮੱਸਿਆ ਬਣ ਗਈ। ਅੱਜ ਭਾਰੀ ਮੀਂਹ ਪੈਣ ਨਾਲ ਲੋਕਾਂ ਨੇ ਕਹਿਰ ਦੀ ਗਰਮੀ ਤੋਂ ਸੁਖ ਦਾ ਸਾਹ ਲਿਆ ਕਿਉਂਕਿ ਕਈ ਦਿਨਾਂ ਤੋਂ ਗਰਮੀ ਦੇ ਪ੍ਰਕੋਪ ਕਾਰਨ ਬਿਜਲੀ ਦੇ ਕੱਟਾਂ ਕਰਕੇ ਵੀ ਲੋਕ ਹਾਲ ਪ੍ਰੇਸ਼ਾਨ ਸਨ। ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵਿਚ ਭਾਰੀ ਕਮੀ ਦਰਜ ਕੀਤੀ ਗਈ। ਮੌਸਮ ਮਾਹਿਰਾਂ ਵਲੋਂ ਮੌਸਮ ਬਦਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ। ਲੋਕਾਂ ਨੂੰ ਮੀਂਹ ਪੈਣ ਨਾਲ ਹੁਣ ਕਈ ਦਿਨਾਂ ਤੱਕ ਰਾਹਤ ਮਿਲੇਗੀ ਸਗੋਂ ਇਸ ਨਾਲ ਪਾਵਰਕਾਮ ਨੇ ਵੀ ਮੀਂਹ ਪੈਣ 'ਤੇ ਸੁਖ ਦਾ ਸਾਹ ਲਿਆ ਸੀ ਕਿਉਂਕਿ ਕਹਿਰ ਦੀ ਗਰਮੀ ਵਿਚ ਬਿਜਲੀ ਦੇ ਕਈ ਟਰਾਂਸਫ਼ਾਰਮਰਾਂ ਦੇ ਓਵਰ ਲੋਡ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ।
ਗਰਮੀ ਤੋਂ ਮਿਲੀ ਰਾਹਤ ਦੇ ਨਾਲ-ਨਾਲ ਭਾਰੀ ਮੀਂਹ ਹਨੇਰੀ ਝੱਖੜ ਨੇ ਮਚਾਈ ਤਬਾਹੀ, ਬਿਜਲੀ ਗੁੱਲ
ਲਾਂਬੜਾ 11 ਜੂਨ (ਗੁਰਮੇਲ ਸਿੰਘ)-ਭਾਰੀ ਮੀਂਹ ਅਤੇ ਤੂਫਾਨ ਕਾਰਨ ਲਾਂਬੜਾ ਕਈ ਜਗ੍ਹਾ 'ਤੇ ਬਿਜਲੀ ਦੇ ਖੰਬੇ ਡਿਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਇਸ ਨਾਲ ਪਿੰਡਾਂ ਵਿੱਚ ਹਨੇਰਾ ਛਾਇਆ ਪਿਆ ਹੈ। ਕਈ ਜਗ੍ਹਾ 'ਤੇ ਸੜਕਾਂ ਵਿੱਚ ਦਰੱਖਤ ਟੁੱਟ ਕੇ ਡਿੱਗੇ ਪਏ ਹਨ। ਦਰੱਖਤਾਂ ਦੇ ਸੜਕ ਵਿੱਚ ਡਿਗਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸੇ ਤਰ੍ਹਾਂ ਕਈ ਜਗਾ ਤੋਂ ਸੜਕਾਂ ਟੁੱਟੀਆਂ ਹੋਣ ਕਾਰਨ ਸੜਕਾਂ ਵਿੱਚ ਪਾਣੀ ਭਰ ਗਿਆ ਹੈ। ਇਸ ਤਰਾਂ ਇਲਾਕਾ ਲਾਬੜਾ ਵਿਚ ਕਈ ਜਗਾ ਥਾਂ-ਥਾਂ 'ਤੇ ਪਿੰਡਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਆਮ ਜੀਵਨ ਅਸਤ ਵਿਅਸਤ ਹੋ ਗਿਆ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਦੇ ਖੰਭਿਆਂ ਦਾ ਡਿੱਗ ਜਾਣ ਕਾਰਨ ਕਈਆਂ ਇਲਾਕਿਆਂ ਵਿੱਚ ਬਿਜਲੀ ਦਾ ਕੱਟ ਲੱਗ ਗਿਆ ਹੈ।
ਨਗਰ ਨਿਗਮ ਵਲੋਂ ਕੋਈ ਤਿਆਰੀ ਨਾ ਕਰਨ ਕਰਕੇ ਡੁੱਬਿਆ ਸ਼ਹਿਰ-ਰਾਜੇਸ਼ ਕਪੂਰ
ਜਲੰਧਰ, ਜਲੰਧਰ ਭਾਜਪਾ ਦੇ ਜਨਰਲ ਸਕੱਤਰ ਰਾਜੇਸ਼ ਕਪੂਰ ਨੇ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਜਲੰਧਰ ਵਿਚ ਹੋਈ ਪਹਿਲੀ ਬਾਰਸ਼ ਨੇ ਨਗਰ ਨਿਗਮ ਦੇ ਵਿਕਾਸ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕਾਂ ਤਲਾਬ ਵਿਚ ਤਬਦੀਲ ਹੋ ਗਈਆਂ ਅਤੇ ਸੀਵਰੇਜ ਪ੍ਰਣਾਲੀ ਪੂਰੀ ਤਰ੍ਹਾਂ ਫ਼ੇਲ੍ਹ ਨਜ਼ਰ ਆਈ। ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਿਰਫ਼ ਇਸ਼ਤਿਹਾਰਾਂ ਅਤੇ ਪ੍ਰਚਾਰ ਵਿਚ ਹੀ ਰੁੱਝੀ ਹੋਈ ਹੈ, ਜਦਕਿ ਜ਼ਮੀਨੀ ਪੱਧਰ 'ਤੇ ਹਾਲਾਤ ਬਹੁਤ ਹੀ ਮਾੜੇ ਹਨ। ਪਹਿਲੀ ਹੀ ਬਾਰਸ਼ ਵਿਚ ਸਾਰਾ ਜਲੰਧਰ ਪਾਣੀ ਵਿਚ ਡੁੱਬ ਜਾਣਾ ਪ੍ਰਸ਼ਾਸਨ ਦੀ ਨਾਕਾਮੀ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਿਕਾਸ ਦੇ ਨਾਮ 'ਤੇ ਸਿਰਫ਼ ਵੱਡੇ-ਵੱਡੇ ਦਾਅਵੇ ਸੁਣਾਏ ਗਏ ਹਨ, ਪਰ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜੇਕਰ ਪਹਿਲੀ ਬਾਰਸ਼ ਵਿਚ ਹੀ ਇਹ ਹਾਲਾਤ ਹਨ ਤਾਂ ਆਉਣ ਵਾਲੇ ਮਾਨਸੂਨ ਦੌਰਾਨ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਰਾਜੇਸ਼ ਕਪੂਰ ਨੇ ਸਰਕਾਰ ਤੋਂ ਤੁਰੰਤ ਜਲ ਨਿਕਾਸੀ, ਸੀਵਰੇਜ ਅਤੇ ਸੜਕਾਂ ਦੀ ਵਿਵਸਥਾ ਵਿਚ ਸੁਧਾਰ ਕਰਨ ਦੀ ਮੰਗ ਕੀਤੀ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।