ਐੱਸ. ਏ. ਐੱਸ. ਨਗਰ, 25 ਜੂਨ (ਪ੍ਰੋ. ਅਵਤਾਰ ਸਿੰਘ)-ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ. ਆਰ.)-2026 ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੁਹਾਲੀ ਕੋਮਲ ਮਿੱਤਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ‘ਚ ਸਮਾਂਬੱਧ ਢੰਗ ਨਾਲ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾਣਗੀਆਂ ਤਾਂ ਜੋ ਵੋਟਰ ਸੂਚੀਆਂ ਨੂੰ ਬਿਲਕੁੱਲ ਦਰੁਸਤ, ਅੱਪਡੇਟ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਅਫ਼ਸਰ (ਬੀ. ਐਲ. ਓਜ਼.) ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਇਸ ਦੌਰਾਨ ਬੀ. ਐਲ. ਓਜ਼. ਵਲੋਂ ਵੋਟਰ ਸੂਚੀ ‘ਚ ਪਹਿਲਾਂ ਤੋਂ ਦਰਜ ਹਰੇਕ ਵੋਟਰ ਨੂੰ ਗਣਨਾ ਫਾਰਮ ਮੁਹੱਈਆ ਕਰਵਾਇਆ ਜਾਵੇਗਾ। ਫਾਰਮ ‘ਚ ਵੋਟਰ ਨਾਲ ਸੰਬੰਧਿਤ ਕੁਝ ਵੇਰਵੇ ਪਹਿਲਾਂ ਹੀ ਦਰਜ ਹੋਣਗੇ ਅਤੇ ਲੋੜ ਪੈਣ ‘ਤੇ ਬੀ. ਐਲ. ਓਜ਼ ਵਲੋਂ ਵੋਟਰਾਂ ਦੀ ਫਾਰਮ ਭਰਨ ‘ਚ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਵੋਟਰ ਲਈ ਗਣਨਾ ਫਾਰਮ ਦੇ ਨਾਲ ਆਪਣੀ ਤਾਜ਼ਾ ਫੋਟੋ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਹਾਲਾਂਕਿ ਇਸ ਪੜਾਅ ‘ਤੇ ਵੋਟਰਾਂ ਤੋਂ ਹੋਰ ਕੋਈ ਸਹਾਇਕ ਦਸਤਾਵੇਜ਼ ਇਕੱਠੇ ਨਹੀਂ ਕੀਤੇ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜੇਕਰ ਘਰਾਂ ਦੇ ਦੌਰੇ ਦੌਰਾਨ ਕੋਈ ਵੋਟਰ ਘਰ ਮੌਜੂਦ ਨਾ ਮਿਲੇ ਤਾਂ ਸੰਬੰਧਿਤ ਬੀ. ਐਲ. ਓ. ਉਸ ਘਰ ‘ਤੇ ਇਨਫਰਮੇਸ਼ਨ ਸਲਿੱਪ ਦੇ ਨਾਲ ਗਣਨਾ ਫਾਰਮ ਛੱਡੇਗਾ ਅਤੇ ਪਛਾਣ ਤੇ ਅਗਲੀ ਕਾਰਵਾਈ ਲਈ ਘਰ ਦੇ ਬਾਹਰ ਸਟਿੱਕਰ ਵੀ ਲਗਾਏਗਾ। ਉਨ੍ਹਾਂ ਕਿਹਾ ਕਿ ਬੀ. ਐਲ. ਓ. ਵਲੋਂ ਹਰ ਘਰ ਦਾ ਘੱਟੋ-ਘੱਟ ਤਿੰਨ ਵਾਰ ਦੌਰਾ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਹਾਲੀ ‘ਚ ਖਰੜ, ਮੁਹਾਲੀ ਅਤੇ ਡੇਰਾਬੱਸੀ ਵਿਧਾਨ ਸਭਾ ਹਲਕਿਆਂ ‘ਚ ਕੁੱਲ 838 ਪੋਲਿੰਗ ਸਟੇਸ਼ਨ ਹਨ ਅਤੇ ਇਸ ਪੂਰੀ ਪ੍ਰਕਿਰਿਆ ਲਈ ਚੋਣ ਅਮਲੇ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 838 ਬੀ. ਐਲ. ਓਜ਼ ਨੂੰ ਜ਼ਿਲ੍ਹੇ ਦੇ ਲਗਭਗ 8,54,423 ਵੋਟਰਾਂ ਤੱਕ ਪਹੁੰਚਣ ਲਈ ਪਾਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਵਲੋਂ 3,160 ਬੂਥ ਲੈਵਲ ਏਜੰਟਾਂ (ਬੀ. ਐਲ. ਏਜ਼.) ਵੀ ਨਿਯੁਕਤ ਕੀਤੇ ਗਏ ਹਨ, ਜੋ ਕਿ ਵਿਸ਼ੇਸ਼ ਗਹਿਰੀ ਸੁਧਾਈ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਵਧੇਰੇ ਦਰੁਸਤ ਬਣਾਉਣ ‘ਚ ਬੀ. ਐਲ. ਓਜ਼. ਨੂੰ ਸਹਿਯੋਗ ਦੇਣਗੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਗ਼ੈਰ-ਹਾਜ਼ਰ, ਸ਼ਿਫਟ ਹੋਏ, ਮ੍ਰਿਤਕ ਅਤੇ ਡੁਪਲੀਕੇਟ ਵੋਟਰਾਂ ਦੀ ਸਾਵਧਾਨੀ ਨਾਲ ਜਾਂਚ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਵੱਧ ਦਰੁਸਤ ਅਤੇ ਅੱਪਡੇਟ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਨੋਟੀਫਾਈਡ ਸ਼ਡਿਊਲ ਅਨੁਸਾਰ ਡਰਾਫਟ ਵੋਟਰ ਸੂਚੀ ਆਗਾਮੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਬਾਅਦ 3 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ, ਜਿਨ੍ਹਾਂ ਦਾ ਨਿਪਟਾਰਾ ਸੰਬੰਧਿਤ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਇਸ ਤੋਂ ਬਾਅਦ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਅਤੇ ਵਿਸ਼ੇਸ਼ ਗਹਿਰੀ ਸੁਧਾਈ ਸੰਬੰਧੀ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਚੋਣ ਦਫ਼ਤਰ ਮੁਹਾਲੀ ਵਿਖੇ ਜ਼ਿਲ੍ਹਾ ਹੈਲਪ ਡੈਸਕ ਅਤੇ ਸ਼ਿਕਾਇਤ ਨਿਵਾਰਣ ਸੈੱਲ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਪੱਧਰ ‘ਤੇ ਵੀ ਸ਼ਿਕਾਇਤ ਨਿਵਾਰਣ ਸੈੱਲ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਰ ਇਸ ਪ੍ਰਕਿਰਿਆ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ, ਸਪੱਸ਼ਟੀਕਰਨ ਜਾਂ ਸ਼ਿਕਾਇਤ ਲਈ ਟੋਲ-ਫ੍ਰੀ ਹੈਲਪਲਾਈਨ 1950 ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਈ. ਸੀ. ਆਈ. ਨੈੱਟ ਐਪ ਰਾਹੀਂ ‘ਬੁੱਕ ਏ ਕਾਲ ਵਿਦ ਬੀ. ਐਲ. ਓ.’ ਸਹੂਲਤ ਦਾ ਵੀ ਲਾਭ ਲੈ ਸਕਦੇ ਹਨ। ਅੰਤ ‘ਚ ਜ਼ਿਲ੍ਹਾ ਅਫ਼ਸਰ ਨੇ ਜ਼ਿਲ੍ਹੇ ਦੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਦੌਰਾਨ ਬੀ. ਐਲ. ਓਜ਼ ਅਤੇ ਚੋਣ ਅਮਲੇ ਨੂੰ ਪੂਰਨ ਸਹਿਯੋਗ ਦੇਣ।