ਜਲੰਧਰ, 26 ਜੂਨ (ਸ਼ਿਵ)-ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਭਾਜਪਾ ਦੇ ਸੀਨੀਅਰ ਆਗੂ ਕ੍ਰਿਸ਼ਨ ਦੇਵ ਭੰਡਾਰੀ ਅਤੇ ਰੋਇਲ ਕਲੱਬ ਰਾਮ ਨਗਰ ਦੀ ਮੰਗ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਰਾਮ ਨਗਰ ਫਾਟਕ ’ਤੇ ਆਰ. ਯੂ. ਬੀ.ਦਾ ਮਸਲਾ ਹੱਲ ਕਰਵਾਉਣ ਦੇ ਭਰੋਸੇ ਤੋਂ ਬਾਅਦ ਇਲਾਕੇ ਵਿਚ ਲੋਕਾਂ ਨੂੰ ਰਾਹਤ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ ਤੇ ਰੇਲ ਵਿਭਾਗ ਵਲੋਂ ਇਸ ਮਾਮਲੇ ਵਿਚ ਕਾਰਵਾਈ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਬੀਤੇ ਦਿਨੀਂ ਕੇਂਦਰੀ ਰੇਲ ਰਾਜ ਮੰਤਰੀ ਦੀ ਆਮਦ ’ਤੇ ਕ੍ਰਿਸ਼ਨ ਦੇਵ ਭੰਡਾਰੀ ਨੇ ਇਹ ਮਸਲਾ ਉਠਾਇਆ ਸੀ ਤਾਂ ਸ. ਬਿੱਟੂ ਨੇ ਇਸ ਪ੍ਰਾਜੈਕਟ ਦੇ ਮਾਮਲੇ ਵਿਚ ਕੇਂਦਰ ਵਲੋਂ ਸਾਰਾ ਫ਼ੰਡ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਮੌਕੇ ਰੋਇਲ ਕਲੱਬ ਰਾਮਨਗਰ ਦੇ ਸਾਥੀ ਸੂਰਜ ਬਿਰਦੀ ਅਤੇ ਅਸ਼ਵਨੀ ਬਿਰਦੀ ਤੇ ਹੋਰ ਲੋਕ ਵੀ ਸ਼ਾਮਿਲ ਸਨ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਤੁਰੰਤ ਫ਼ਿਰੋਜ਼ਪੁਰ ਡੀ.ਆਰ.ਐਮ. ਨੂੰ ਫ਼ੋਨ ਕਰਕੇ ਰਾਮਨਗਰ ਅੰਡਰ ਬ੍ਰਿਜ ਪ੍ਰੋਜੈਕਟ ਦੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਸੀ। ਇਸ ਮੌਕੇ ਕੇ.ਡੀ. ਭੰਡਾਰੀ ਨੇ ਦੱਸਿਆ ਕਿ ਰੋਇਲ ਕਲੱਬ ਰਾਮਨਗਰ ਵੱਲੋਂ ਸਾਲ 2021 ਵਿਚ ਉਸ ਵੇਲੇ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ। ਇਸ ’ਤੇ ਕਾਰਵਾਈ ਕਰਦਿਆਂ ਸਾਬਕਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਪ੍ਰੋਜੈਕਟ ਨੂੰ ਇਸ ਸ਼ਰਤ ਨਾਲ ਮਨਜ਼ੂਰੀ ਦਿੱਤੀ ਸੀ ਕਿ ਇਸ ਦੇ ਨਿਰਮਾਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਸ੍ਰੀ ਭੰਡਾਰੀ ਨੇ ਦੱਸਿਆ ਕਿ ਗ਼ਾਜ਼ੀ ਗੁੱਲਾ ਅਤੇ ਰਾਮਨਗਰ ਦੇ ਵਿਚਕਾਰ ਸਥਿਤ ਰੇਲਵੇ ਫਾਟਕ ਬੰਦ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਂਦਰ ਸਰਕਾਰ ਵੱਲੋਂ ਇਸ ਅੰਡਰ ਬ੍ਰਿਜ ਦਾ ਸਾਰਾ ਖਰਚਾ ਚੁੱਕਣ ਦਾ ਫ਼ੈਸਲਾ ਇਲਾਕੇ ਦੇ ਲੋਕਾਂ ਲਈ ਵੱਡੀ ਰਾਹਤ ਹੈ।
ਰਾਮ ਨਗਰ ਫਾਟਕ ਆਰ.ਯੂ. ਬੀ. ਪ੍ਰਾਜੈਕਟ ਲਈ ਜਲਦੀ ਸ਼ੁਰੂ ਹੋ ਸਕਦੀ ਹੈ ਵਿਭਾਗੀ ਕਾਰਵਾਈ
ਅਜੀਤ ਡੈਸਕ
27-06-2026