ਜਲੰਧਰ, 26 ਜੂਨ (ਜਤਿੰਦਰ ਪੰਮੀ)-ਫਿਰੌਤੀ ਲਈ ਗੋਲੀ ਚਲਾ ਕੇ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ ਸ਼ਾਮਲ ਮੁਲਜ਼ਮ ਵਲੋਂ ਵਾਰਦਾਤ ’ਚ ਵਰਤੇ ਗਏ ਮੋਟਰਸਾਈਕਲ ਦੀ ਜਾਅਲੀ ਨੰਬਰ ਪਲੇਟ ਤਿਆਰ ਕਰਨ ਵਾਲੇ ਨੂੰ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਿਸ਼ਭ ਵਾਸੀ ਪਿੰਡ ਕਲੀਜ਼ਪੁਰ, ਥਾਣਾ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਨੇੜੇ ਲਵਲੀ ਯੂਨੀਵਰਸਿਟੀ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਫਿਰੌਤੀ ਲੈਣ ਲਈ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ ਕਾਬੂ ਕੀਤੇ ਗਏ ਮੁਲਜ਼ਮ ਗੁਰਲਾਲ ਸਿੰਘ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੇ ਗਏ ਮੋਟਰਸਾਈਕਲ ਦੀ ਜਾਅਲੀ ਨੰਬਰ ਪਲੇਟ ਤਿਆਰ ਕਰਨ ਵਾਲੇ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਸ਼ਭ ਵਲੋਂ ਬਿਨਾਂ ਦਸਤਾਵੇਜ਼ਾਂ ਦੀ ਸ਼ਨਾਖਤ ਕੀਤੇ ਮੁਲਜ਼ਮਾਂ ਦੇ ਕਹਿਣ ’ਤੇ ਮੋਟਰਸਾਈਕਲ ਦੀ ਪਲੇਟ ਤਿਆਰ ਕੀਤੀ ਗਈ ਸੀ, ਜੋ ਕਿ ਜਾਅਲੀ ਸੀ। ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ’ਚ ਸ਼ਾਮਲ ਬਾਕੀ ਮੁਲਜ਼ਮਾਂ ਦੀ ਭਾਲ ਵੀ ਜਾਰੀ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨੰਬਰ ਪਲੇਟਾਂ ਤਿਆਰ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਬਿਨਾਂ ਪੂਰੀ ਵੈਰੀਫਿਕੇਸ਼ਨ ਦੇ ਤਿਆਰ ਨਾ ਕੀਤੀ ਜਾਵੇ। ਅਜਿਹਾ ਕਰਨ ਦੀ ਸੂਰਤ ’ਚ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।