ਜਲੰਧਰ, 26 ਜੂਨ (ਐੱਮ.ਐੱਸ.ਲੋਹੀਆ)- ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਸਜਾਏ ਗਏ ਨਗਰ ਕੀਰਤਨ ਦਾ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ ਵਿਖੇ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਸ਼ਾਲ ਅਤੇ ਅਲੌਕਿਕ ਨਗਰ ਕੀਰਤਨ 23 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਸੋਢੀ (ਦਸਮੇਸ਼ ਤਰਨਾ ਦਲ) ਅਤੇ ਬਾਬਾ ਸੁੱਖਾ ਸਿੰਘ (ਕਾਰ ਸੇਵਾ ਸੰਪਰਦਾ ਸਰਹਾਲੀ ਸਾਹਿਬ) ਦੀ ਅਗਵਾਈ ਅਤੇ ਗੁਰੂ ਗੋਬਿੰਦ ਸਿੰਘ ਗਤਕਾ ਸਪੋਰਟਸ ਕਲੱਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਬੰਧਾਂ ਹੇਠ ਸਜਾਇਆ ਗਿਆ। ਇਕ ਸੁੰਦਰ ਪਾਲਕੀ ਸਾਹਿਬ ਵਿੱਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ, ਚੱਲ ਰਹੇ ਇਸ ਨਗਰ ਦੀ ਆਮਦ ਸਬੰਧੀ ਸੰਗਤ ਨੂੰ ਸੂਚਿਤ ਕਰਨ ਲਈ ਅੱਗੇ ਰਣਜੀਤ ਨਗਾਰੇ ’ਤੇ ਚੋਟ ਲਗਾਉਂਦੇ ਸਿੰਘ ਚੱਲ ਰਹੇ ਸਨ, ਗਤਕਾ ਪਾਰਟੀਆਂ ਵਲੋਂ ਗਤਕੇ ਦਾ ਪ੍ਰਦਰਸ਼ਨ ਕਰਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ ਜਾ ਰਿਹਾ ਸੀ। ਇਹ ਨਗਰ ਕੀਰਤਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚੋਂ ਹੁੰਦਾ ਹੋਇਆ 25 ਜੂਨ ਦੀ ਰਾਤ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ, ਰਾਤ ਵਿਸ਼ਰਾਮ ਕਰਨ ਉਪਰੰਤ 26 ਜੂਨ, ਸ਼ੁੱਕਰਵਾਰ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ’ਚ ਅਰਦਾਸ ਉਪਰੰਤ ਨਗਰ ਕੀਰਤਨ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ, ਜੋ ਗੜ੍ਹਸ਼ੰਕਰ, ਬੰਗਾ, ਫਗਵਾੜਾ ਹੁੰਦੇ ਹੋਏ ਜਲੰਧਰ ਦੇ ਬਸਤੀ ਖੇਤਰ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਪਹੁੰਚਿਆ, ਸੰਗਤ ਨੇ ਫੁੱਲਾਂ ਦੀ ਵਰਖਾ ਕਰਦਿਆਂ ਜੈਕਾਰਿਆਂ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਸੰਗਤ ਨੇ ਗੁਰਬਾਣੀ ਰਾਹੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਹਿਮਾ ਦਾ ਗਾਇਨ ਕੀਤਾ। ਬੇਅੰਤ ਸਿੰਘ ਸਰਹੱਦੀ ਨੇ ਇਸ ਮੌਕੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ। ਨਗਰ ਕੀਰਤਨ ’ਚ ਸ਼ਾਮਲ ਸੰਗਤ ਲਈ ਗੁਰਦੁਆਰਾ ਸਾਹਿਬ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਨਗਰ ਕੀਰਤਨ ’ਚ ਸ਼ਾਮਲ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਨਗਰ ਕੀਰਤਨ ’ਚ ਇੰਦਰਪਾਲ ਸਿੰਘ, ਖਜ਼ਾਨਚੀ ਜਗਜੀਤ ਸਿੰਘ, ਪ੍ਰਚਾਰ ਸਕੱਤਰ ਪਰਮਜੀਤ ਸਿੰਘ ਨੈਨਾ, ਅਕਾਲੀ ਮਨਬੀਰ ਸਿੰਘ, ਗੁਰਦੀਪ ਸਿੰਘ ਠੁਕਰਾਲ, ਅਮਨਜੀਤ ਸਿੰਘ ਛਾਬੜਾ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ ਲੱਕੀ, ਅਕਾਲੀ ਰਛਪਾਲ ਸਿੰਘ, ਬਿਸ਼ਨ ਸਿੰਘ, ਹਰਬੰਸ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।