ਸਤਿਗੁਰੂ ਕਬੀਰ ਜੀ ਦੇ 628ਵੇਂ ਪ੍ਰਕਾਸ਼ ਉਤਸਵ ਸੰਬੰਧੀ ਸ਼ੋਭਾ ਯਾਤਰਾ ਅੱਜ
ਅਜੀਤ ਡੈਸਕ
27-06-2026
ਸਰਕਾਰ ਵਲੋਂ ਪ੍ਰਕਾਸ਼ ਉਤਸਵ ਮਨਾਉਣ ਲਈ ਰਾਜ ਪੱਧਰੀ ਸਮਾਗਮ 29 ਨੂੰ
ਜਲੰਧਰ, 26 ਜੂਨ (ਜਤਿੰਦਰ ਪੰਮੀ)-ਸਤਿਗੁਰੂ ਕਬੀਰ ਜੀ ਦੇ 628ਵੇਂ ਪ੍ਰਕਾਸ਼ ਉਤਸਵ ਸੰਬੰਧੀ ਸ਼ੋਭਾ ਯਾਤਰਾ 27 ਜੂਨ ਸਜਾਈ ਜਾਵੇਗੀ। ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ 29 ਜੂਨ ਨੂੰ ਕਰਵਾਇਆ ਰਿਹਾ ਹੈ। ਇਨ੍ਹਾਂ ਸਮਾਗਮਾਂ ਤੋਂ ਪਹਿਲਾਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਨਕੋਦਰ ਰੋਡ ‘ਤੇ ਸਤਿਗੁਰੂ ਕਬੀਰ ਚੌਕ ਦਾ ਨਵੀਨੀਕਰਨ ਉਪਰੰਤ ਉਦਘਾਟਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਭਿਆਚਾਰਕ ਸਥਾਨਾਂ ਨੂੰ ਬਿਹਤਰ ਬਣਾਉਣ ਲਈ ਸਰਗਰਮੀ ਨਾਲ ਕੰਮ ਕੀਤਾ ਹੈ।
ਉਨ੍ਹਾਂ ਯਾਦ ਦਿਵਾਇਆ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਸਤਿਗੁਰੂ ਰਵਿਦਾਸ ਜੀ ਨੂੰ ਸਮਰਪਿਤ ਚੌਕ ਦਾ ਉਦਘਾਟਨ ਉਨ੍ਹਾਂ ਦੇ ਪ੍ਰਕਾਸ਼ ਉਤਸਵ ਦੌਰਾਨ ਕੀਤਾ ਗਿਆ ਸੀ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਉਤਸਵ ਦੇ ਸ਼ੁਭ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 29 ਜੂਨ ਦੀ ਸ਼ਾਮ ਨੂੰ ਭਾਰਗਵ ਨਗਰ ਸਥਿਤ ਸਤਿਗੁਰੂ ਕਬੀਰ ਜੀ ਮੁੱਖ ਮੰਦਰ ਵਿਖੇ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਦਘਾਟਨ ਸਮਾਗਮ ਵਿੱਚ ਅਚਾਰੀਆ ਮਹੰਤ ਜਗਦੀਸ਼ ਦਾਸ ਤੇ ਮਹੰਤ ਰਾਮ ਸ਼ਰਨ ਸਮੇਤ ਪ੍ਰਸਿੱਧ ਧਾਰਮਿਕ ਆਗੂਆਂ ਦੇ ਨਾਲ-ਨਾਲ ਮੰਦਰ ਕਮੇਟੀ ਦੇ ਮੈਂਬਰ, ਚੇਅਰਮੈਨ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਪ੍ਰਮੁੱਖ ਆਗੂ ਸ਼ਾਮਿਲ ਹੋਏ।