ਗੁਰਦੁਆਰਾ ਬਾਬਾ ਸੁਖਚੈਨ ਦਾਸ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸਾਲਾਨਾ ਜੋੜ ਮੇਲਾ
ਅਜੀਤ ਡੈਸਕ
27-06-2026
ਜਥੇ. ਕਲਿਆਣ ਵਲੋਂ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ
ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਵਿਖੇ ਸਾਲਾਨਾ ਜੋੜ ਮੇਲੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਬਲਦੇਵ ਸਿੰਘ ਕਲਿਆਣ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ, ਪ੍ਰਸ਼ਾਸਨ, ਸਿਆਸੀ ਆਗੂਆਂ, ਜੱਥਿਆਂ, ਸੇਵਾਦਾਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਮੇਲਾ ਸਫ਼ਲਤਾਪੂਰਵਕ ਸੰਪੂਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਪਹੁੰਚ ਸਕੇ ਹਨ, ਜਿਸ ਲਈ ਸਵ. ਜਥੇ. ਅਜੀਤ ਸਿੰਘ ਕੋਹਾੜ (ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਸਾਬਕਾ ਵਿਧਾਇਕ ਹਲਕਾ ਸ਼ਾਹਕੋਟ) ਨੇ ਉਨ੍ਹਾਂ ਨਾਲ ਪੂਰਾ ਸਹਿਯੋਗ ਕੀਤਾ ਸੀ ਤੇ ਹੁਣ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਮੈਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਮੂਹ ਸੰਗਤਾਂ ਦੀ ਬਦੌਲਤ ਉਹ ਅੱਜ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਜੋੜ ਮੇਲੇ ਵਿਚ ਸਹਿਯੋਗ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼ਾਹਕੋਟ ਸਬ-ਡਵੀਜ਼ਨ ਦੇ ਡੀ.ਐਸ.ਪੀ. ਸਰਵਣ ਸਿੰਘ ਬੱਲ, ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਅਮਨ ਸੈਣੀ, ਪੰਥ ਪ੍ਰਸਿੱਧ ਢਾਡੀ ਸੰਤ ਸਿੰਘ ਪਾਰਸ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਅਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਰਾਮਪੁਰ, ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਦੇ ਇੰਚਾਰਜ ਜਸਵੰਤ ਸਿੰਘ ਬਾਜਵਾ, ਸਹਾਇਕ ਇੰਚਾਰਜ ਬੀਬੀ ਕਿਰਨਦੀਪ ਕੌਰ, ਹੈੱਡਗ੍ਰੰਥੀ ਭਾਈ ਸੁਖਜੀਤ ਸਿੰਘ, ਸਮੂਹ ਗੰਥੀ ਸਿੰਘਾਂ ਤੇ ਮੁਲਾਜ਼ਮਾਂ, ਜੱਥਿਆਂ, ਪ੍ਰਚਾਰਕ ਸਿੰਘਾਂ, ਸੇਵਾਦਾਰਾਂ, ਨੌਜਵਾਨਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੇ ਮੇਲੇ ਵਿਚ ਭਰਪੂਰ ਸੇਵਾਵਾਂ ਦਿੱਤੀਆਂ, ਜੋ ਪਿੱਛਲੇ ਕਈ ਦਿਨਾਂ ਤੋਂ ਮੇਲੇ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਸਨ ਤੇ ਸਾਰਿਆਂ ਨੇ ਜੋੜ ਮੇਲੇ ਦੀ ਰੌਣਕ ਨੂੰ ਵਧਾਇਆ।