ਆਦਮਪੁਰ, 26 ਜੂਨ (ਹਰਪ੍ਰੀਤ ਸਿੰਘ)- ਨਿਰਮਲ ਕੁਟੀਆ ਸੰਤ ਵਤਨ ਸਿੰਘ ਆਦਮਪੁਰ ਦੋਆਬਾ (ਜਲੰਧਰ) ਵਿਖੇ ਪਰਮ ਪੂਜਨੀਕ ਸ਼੍ਰੀਮਾਨ ਸੰਤ ਵਤਨ ਸਿੰਘ ਮਹਾਰਾਜ ਜੀ ਦੀ ਸਲਾਨਾ ਬਰਸੀ ਬੜੀ ਸ਼ਰਧਾ, ਭਾਵਨਾ ਅਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਟੀਆ ਦੇ ਮੁੱਖ ਸੇਵਾਦਾਰ ਸੰਤ ਤਰਸੇਮ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 27 ਜੂਨ 2026, ਦਿਨ ਸ਼ਨੀਵਾਰ ਤੋਂ ਸ਼ੁਰੂ ਹੋਣਗੇ। ਇਸ ਦਿਨ ਸਵੇਰੇ 10:00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਕੀਤੇ ਜਾਣਗੇ। ਪ੍ਰਬੰਧਕਾਂ ਮੁਤਾਬਕ, 29 ਜੂਨ 2026 ਦਿਨ ਸੋਮਵਾਰ ਨੂੰ ਸਵੇਰੇ 9:00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਮਹਾਨ ਕੀਰਤਨ ਅਤੇ ਸੰਤ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਰਾਗੀ ਅਤੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰਬਾਣੀ ਜਸ ਸੁਣਾ ਕੇ ਨਿਹਾਲ ਕਰਨਗੇ। ਸੰਤ ਤਰਸੇਮ ਸਿੰਘ ਜੀ ਅਤੇ ਸਮੂਹ ਸੰਗਤ ਨਿਰਮਲ ਕੁਟੀਆ ਵੱਲੋਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਮਹਾਨ ਬਰਸੀ ਸਮਾਗਮ ਵਿੱਚ ਸੰਗਤਾਂ ਸਮੇਤ ਪਹੁੰਚ ਕੇ ਦਰਸ਼ਨ ਦੇਣ। ਸਮਾਗਮ ਦੌਰਾਨ ਤਿੰਨੋਂ ਦਿਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ।