ਜਲੰਧਰ, 1 ਜੁਲਾਈ (ਐੱਮ. ਐੱਸ. ਲੋਹੀਆ) - ਕੇਅਰਬੈਸਟ ਸੁਪਰਸਪੈਸ਼ਲਿਟੀ ਹਸਪਤਾਲ ’ਚ ‘ਪੇਨੰਬਰਾ ਮਕੈਨੀਕਲ ਥ੍ਰੋਮਬੈਕਟੋਮੀ ਸਿਸਟਮ’ ਦੀ ਸ਼ੁਰੂਆਤ ਕੀਤੀ ਗਈ ਹੈ। ਹਸਪਤਾਲ ਦੇ ਪ੍ਰਬੰਧਕ ਡਾ. ਰਮਨ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਇਹ ਇਕ ਅਤਿ-ਆਧੁਨਿਕ ਤਕਨੀਕ ਹੈ, ਜਿਸ ਰਾਹੀਂ ਦਿਲ ਦੀਆਂ ਧਮਨੀਆਂ ਅਤੇ ਲੱਤਾਂ ਦੀਆਂ ਨਾੜੀਆਂ ’ਚ ਬਣੇ ਖੂਨ ਦੇ ਥੱਕਿਆਂ ਨੂੰ ਬਿਨਾਂ ਵੱਡੀ ਸਰਜਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਖ਼ਾਸ ਕਰਕੇ ਦਿਲ ਦੇ ਦੌਰੇ ਦੇ ਮਰੀਜ਼ਾਂ ’ਚ ਕਈ ਮਾਮਲਿਆਂ ’ਚ ਸਟੈਂਟ ਲਗਾਏ ਬਿਨਾਂ ਹੀ ਖੂਨ ਦੀ ਰੁਕੀ ਹੋਈ ਰਵਾਨਗੀ ਨੂੰ ਬਹਾਲ ਕਰਨ ਅਤੇ ‘ਡੀਪ ਵੇਨ ਥੋਮਬੋਸਿਸ’ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਿਲ ਦੇ ਦੌਰੇ ਨਾਲ ਆਉਣ ਵਾਲੇ ਨੌਜਵਾਨ ਮਰੀਜ਼ਾਂ ’ਚ, ਜਿੱਥੇ ਦਿਲ ਦੀ ਧਮਨੀ ’ਚ ਖੂਨ ਦਾ ਥੱਕਾ ਜ਼ਿਆਦਾ ਹੁੰਦਾ ਹੈ, ਪਰ ਧਮਨੀ ’ਚ ਸਥਾਈ ਰੁਕਾਵਟ ਘੱਟ ਹੁੰਦੀ ਹੈ, ਉੱਥੇ ‘ਪੇਨੰਬਰਾ ਸਿਸਟਮ’ ਨਾਲ ਥੱਕਾ ਕੱਢਣ ਤੋਂ ਬਾਅਦ ਕਈ ਮਰੀਜ਼ਾਂ ’ਚ ਸਟੈਂਟ ਲਗਾਉਣ ਦੀ ਲੋੜ ਨਹੀਂ ਰਹਿੰਦੀ। ਇਸ ਨਾਲ ਮਰੀਜ਼ ਦੇ ਦਿਲ ਦੀ ਕੁਦਰਤੀ ਧਮਨੀ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਅਤੇ ਲੰਬੇ ਸਮੇਂ ਤੱਕ ਦੋਹਰੀ ਐਂਟੀਪਲੇਟਲੈੱਟ ਦਵਾਈਆਂ ਦੀ ਲੋੜ ਵੀ ਘੱਟ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ, ਜਿਨ੍ਹਾਂ ਮਰੀਜ਼ਾਂ ਦੀਆਂ ਲੱਤਾਂ ਦੀਆਂ ਨਾੜੀਆਂ ’ਚ ਰੁਕਾਵਟ ਕਾਰਨ ਸੋਜ ਅਤੇ ਦਰਦ ਹੁੰਦਾ ਹੈ, ਉਨ੍ਹਾਂ ਲਈ ਵੀ ‘ਪੇਨੰਬਰਾ ਸਿਸਟਮ’ ਇਕ ਪ੍ਰਭਾਵਸ਼ਾਲੀ ਅਤੇ ਘੱਟ ਚੀਰ-ਫਾੜ ਵਾਲਾ ਇਲਾਜ ਹੈ। ਸਮੇਂ ਸਿਰ ਥੱਕਾ ਕੱਢਣ ਨਾਲ ਮਰੀਜ਼ ਨੂੰ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ, ਨਾੜੀਆਂ ਦੇ ਵਾਲਵ ਸੁਰੱਖਿਅਤ ਰਹਿੰਦੇ ਹਨ ਅਤੇ ਫੇਫੜਿਆਂ ’ਚ ਖੂਨ ਦਾ ਥੱਕਾ ਜਾਣ ਵਰਗੀ ਜਾਨਲੇਵਾ ਜਟਿਲਤਾ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਡਾ. ਚਾਵਲਾ ਨੇ ਦੱਸਿਆ ਕਿ ਹਾਲ ਹੀ ’ਚ ਉਨ੍ਹਾਂ ਕੋਲ ਇਕ 86 ਸਾਲਾ ਮਰੀਜ਼ ਸਵਰਨ ਕੌਰ ਆਈ ਸੀ, ਜਿਸ ਦੀ ਖੱਬੀ ਲੱਤ ’ਚ ਪਿੱਛਲੇ ਤਿੰਨ ਮਹੀਨਿਆਂ ਤੋਂ ਪੱਟ ਤੱਕ ਸੋਜ ਸੀ। ਉਨ੍ਹਾਂ ਨੇ ਪਹਿਲਾਂ ਕਈ ਕਾਰਡੀਓਲੋਜਿਸਟਾਂ ਤੋਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲਈਆਂ, ਪਰ ਕੋਈ ਖ਼ਾਸ ਲਾਭ ਨਹੀਂ ਹੋਇਆ। ਉਨ੍ਹਾਂ ਵਲੋਂ ਕੀਤੀ ਜਾਂਚ ਤੋਂ ਬਾਅਦ ਮਰੀਜ਼ ਦੀ ਬਿਮਾਰੀ ਦੀ ਗੰਭੀਰਤਾ ਦਾ ਪਤਾ ਲੱਗਾ। ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਦੀ ਟੀਮ ਨੇ ‘ਕੈਥੀਟਰ ਨਿਰਦੇਸ਼ਤ ਥ੍ਰੋਮਬੋਲਾਇਸਸ’ ਕੀਤੀ, ਜਿਸ ਨਾਲ ਥੱਕਾ ਨਰਮ ਹੋਇਆ। ਨਵੀਂ ਤਕਨੀਕ ਨਾਲ ਮਰੀਜ਼ ਦੀ ਲੱਤ ਦੀਆਂ ਨਾੜੀਆਂ ’ਚ ਖੂਨ ਦੀ ਰਵਾਨਗੀ ਪੂਰੀ ਤਰ੍ਹਾਂ ਬਹਾਲ ਹੋ ਗਈ। ਆਖ਼ਿਰ ਵੇਨੋਗ੍ਰਾਫੀ ’ਚ ਨਾੜੀਆਂ ਪੂਰੀ ਤਰ੍ਹਾਂ ਖੁੱਲ੍ਹੀਆਂ ਮਿਲੀਆਂ ਅਤੇ ਖੂਨ ਦਾ ਪ੍ਰਵਾਹ ਆਮ ਹੋ ਗਿਆ। ਇਲਾਜ ਤੋਂ ਬਾਅਦ ਮਰੀਜ਼ ਦੀ ਲੱਤ ਦੀ ਸੋਜ ਅਤੇ ਦਰਦ ’ਚ ਕਾਫ਼ੀ ਸੁਧਾਰ ਆਇਆ ਅਤੇ ਉਹ ਸੰਤੁਸ਼ਟੀਜਨਕ ਹਾਲਤ ’ਚ ਘਰ ਭੇਜੀ ਗਈ।