ਜਲੰਧਰ, 2 ਜੁਲਾਈ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਈ-ਸੇਵਾ ਪੋਰਟਲ ਰਾਹੀਂ ਸਰਕਾਰੀ ਦਸਤਾਵੇਜ਼ ਬਣਵਾਉਣ ਲਈ ਲਾਭਪਾਤਰੀਆਂ ਨੂੰ ਸੰਬੰਧਤ ਸੇਵਾਵਾਂ ’ਚ 1 ਤੋਂ 31 ਜੁਲਾਈ ਤਕ ਫੀਸਾਂ ’ਚ ਵੱਡੀ ਛੋਟ ਦਿੱਤੇ ਜਾਣ ਨਾਲ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਸੁਵਿਧਾ ਕੇਂਦਰ ਅਤੇ ਜ਼ਿਲ੍ਹੇ ਦੇ ਬਾਕੀ ਸੇਵਾ ਕੇਂਦਰਾਂ ’ਚ ਕੰਮ ਕਰਵਾਉਣ ਵਾਲੇ ਲੋਕਾਂ ਦੀ ਭੀੜ ਲੱਗੀ ਰਹੀ। ਫੀਸਾਂ ’ਚ ਛੋਟ ਦਾ ਸਮਾਂ ਨਿਰਧਾਰਤ ਹੋਣ ਕਾਰਨ ਲੋਕਾਂ ’ਚ ਆਪਣੇ ਸਰਕਾਰੀ ਦਸਤਾਵੇਜ਼ ਬਣਵਾਉਣ ਲਈ ਹੋੜ ਲੱਗੀ ਹੋਈ ਹੈ, ਜਿਸ ਕਾਰਨ ਸੇਵਾ ਕੇਂਦਰਾਂ ’ਚ ਲੋਕਾਂ ਦੀ ਆਮਦ ਵਧੀ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੋਕਾਂ ਦੀ ਭੀੜ ਪੈਣ ਦਾ ਕਾਰਨ ਜਿਥੇ ਸਰਕਾਰ ਵਲੋਂ ਫੀਸਾਂ ’ਚ ਭਾਰੀ ਛੋਟ ਦੇਣਾ ਹੈ, ਉਥੇ ਹੀ ਪਿਛਲੇ ਦਿਨਾਂ ਦੌਰਾਨ ਈ-ਸੇਵਾ ਪੋਰਟਲ ਲਗਾਤਾਰ ਰੁਕ-ਰੁਕ ਕੇ ਚੱਲ ਰਿਹਾ ਸੀ, ਜਿਸ ਕਾਰਨ ਲੋਕਾਂ ਦੀਆਂ ਵੱਡੀ ਗਿਣਤੀ ਅਰਜ਼ੀਆਂ ਪੈਂਡਿੰਗ ਚੱਲ ਰਹੀਆਂ ਸਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਲੰਘੇ ਦਿਨ ਮਾਵਾਂ-ਧੀਆ ਸਤਿਕਾਰ ਯੋਜਨਾ ਤਹਿਤ ਰਜਿਸਟਰ ਹੋਣ ਵਾਲੀਆਂ ਔਰਤਾਂ ਦੇ ਬੈਂਕ ਖਾਤਿਆਂ ’ਚ ਇਸ ਯੋਜਨਾ ਦੀ ਰਾਸ਼ੀ ਆਉਣ ਤੋਂ ਬਾਅਦ ਉਨ੍ਹਾਂ ਔਰਤਾਂ ’ਚ ਵੀ ਲਾਭ ਲੈਣ ਲਈ ਉਤਸ਼ਾਹ ਵੱਧ ਗਿਆ ਹੈ, ਜਿਨ੍ਹਾਂ ਨੇ ਹਾਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ। ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਤਿਆਰ ਕਰਵਾਉਣ ਲਈ ਔਰਤਾਂ ਨੇ ਵੀ ਸੇਵਾ ਕੇਂਦਰਾਂ ਵੱਲ ਵਹੀਰਾਂ ਘੱਤ ਲਈਆਂ ਹਮ, ਇਸ ਕਾਰਨ ਵੀ ਭੀੜ ਵੱਧ ਗਈ ਹੈ। ਇਸ ਸੰਬੰਧੀ ਸੇਵਾ ਕੇਂਦਰ ਦਾ ਕੰਮ ਸੰਭਾਲ ਰਹੀ ਕੰਪਨੀ ਦੇ ਡੀ. ਐੱਮ. ਹਰਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸਰਵਰ ’ਚ ਸਮੱਸਿਆ ਆਉਣ ਕਾਰਨ ਕੰਮ ਹੌਲੀ ਰਫ਼ਤਾਰ ਨਾਲ ਚੱਲ ਰਹੇ ਸਨ ਪਰ ਹੁਣ ਸਰਵਰ ਠੀਕ ਚੱਲ ਰਿਹਾ ਹੀ, ਜਿਸ ਕਾਰਨ ਲੋਕਾਂ ਦੇ ਕੰਮ ਤੇਜ਼ੀ ਨਾਲ ਹੋ ਰਹੇ ਹਨ। ਇਸ ਦੇ ਨਾਲ ਹੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਲੈਣ ਵਾਲੇ ਲੋਕਾਂ ਵਲੋਂ ਵੀ ਦਸਤਾਵੇਜ਼ ਤਿਆਰ ਕਰਵਾਉਣ ਲਈ ਵੱਡੀ ਗਿਣਤੀ ’ਚ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਡੀ. ਐੱਮ. ਨੇ ਕਿਹਾ ਕਿ ਰੋਜ਼ਾਨਾ ਹੀ 4000 ਤੋਂ ਵੱਧ ਅਰਜ਼ੀਆਂ ਆ ਰਹੀਆਂ ਹਨ। ਵੀਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ 4453 ਅਰਜ਼ੀਆਂ ਆਈਆਂ ਹਨ, ਜਿਨ੍ਹਾਂ ਵਿਚੋਂ 2784 ਦੇ ਟੋਕਨ ਜਾਰੀ ਕੀਤੇ ਗਏ ਅਤੇ 1789 ਦਸਤਾਵੇਜ਼ ਤਿਆਰ ਕੀਤੇ ਗਏ।