ਚੁਗਿੱਟੀ/ ਜੰਡੂ ਸਿੰਘਾ, 2 ਜੁਲਾਈ (ਨਰਿੰਦਰ ਲਾਗੂ)-ਸਥਾਨਕ ਸਿਟੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੰਦ ਹੋਏ ਸੀਵਰੇਜ ਕਾਰਨ ਯਾਤਰੀਆਂ, ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਇਧਰ ਉਧਰ ਆਉਣ ਜਾਣ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਪ੍ਰਤੀ ਰੋਸ ਜ਼ਾਹਰ ਕਰਦਿਆਂ ਲੋਕਾਂ ਨੇ ਕਿਹਾ ਸੀਵਰੇਜ ਦਾ ਗੰਦਾ ਪਾਣੀ ਵੱਡੀ ਮਾਤਰਾ ਵਿਚ ਸਟੇਸ਼ਨ ਦੇ ਆਸ-ਪਾਸ ਖੜ੍ਹਾ ਹੋਣ ਕਾਰਨ ਪੈਦਲ ਚੱਲਣ ਵਿਚ ਔਖਿਆਈ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਬੰਦ ਹੋਣ ਕਾਰਨ ਗੰਦਗੀ ਭਰਪੂਰ ਪਾਣੀ ਸੜਕਾਂ ‘ਤੇ ਫੈਲ ਰਿਹਾ ਹੈ ਜਿਸ ਤੋਂ ਦੂਰ -ਦੂਰ ਤੱਕ ਬਦਬੂ ਫੈਲ ਰਹੀ ਹੈ ਤੇ ਉਸ ਕਾਰਨ ਸਾਹ ਲੈਣ ਵਿਚ ਵੀ ਮੁਸ਼ਕਿਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੜਕ ‘ਤੇ ਖੜ੍ਹੇ ਪਾਣੀ ਕਾਰਨ ਤਿਲਕਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਸ ਸਮੇਂ ਹੋਰ ਦੁੱਖਦਾਇਕ ਹੋ ਜਾਂਦੀ ਹੈ ਜਦੋਂ ਮੀਂਹ ਪੈਂਦਾ ਹੈ। ਉਸ ਦੌਰਾਨ ਟੋਇਆ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਡੂੰਘਾਈ ਦਾ ਪਤਾ ਨਹੀਂ ਲੱਗਦਾ ਉਸ ਸਮੇਂ ਵਾਹਨਾਂ ਤੋਂ ਚਾਲਕਾਂ ਦਾ ਸੰਤੁਲਨ ਵਿਗੜਨ ਕਾਰਨ ਹਾਦਸੇ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਮਸਲੇ ਦੇ ਹੱਲ ਲਈ ਅਨੇਕਾਂ ਵਾਰ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ,ਪਰ ਪਰਨਾਲਾ ਉਥੇ ਦਾ ਉਥੇ ਹੀ ਹੈ ਜਿਸ ਕਾਰਨ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਸਾਹਮਣੇ ਰੱਖ ਕੇ ਮਹਿਕਮੇ ਵੱਲੋਂ ਸਮੇਂ ਸਮੇਂ ‘ਤੇ ਸਫ਼ਾਈ ਤਾਂ ਕਰਵਾ ਦਿੱਤੀ ਜਾਂਦੀ ਹੈ ਪਰ ਆਏ ਦਿਨ ਸੀਵਰੇਜ ਦੇ ਬੰਦ ਰਹਿਣ ਕਾਰਨ ਹਾਲਤ ਫਿਰ ਤੋਂ ਪਹਿਲਾਂ ਵਰਗੀ ਬਣ ਜਾਂਦੀ। ਉਨ੍ਹਾਂ ਕਿਹਾ ਕਿ ਉਕਤ ਰੇਲਵੇ ਸਟੇਸ਼ਨ ‘ਤੇ ਰੌਜ਼ਾਨਾ ਵੱਡੀ ਗਿਣਤੀ ਵਿਚ ਯਾਤਰੀ ਆਉਣ ਜਾਣ ਕਰਦੇ ਹਨ ਪਰ ਸਟੇਸ਼ਨ ‘ਤੇ ਅਜਿਹੇ ਹਲਾਤਾਂ ਕਾਰਨ ਉਨ੍ਹਾਂ ਨੂੰ ਦਿੱਕਤ ਝੱਲਣੀ ਪੈਂਦੀ ਹੈ। ਲੋਕਾਂ ਨੇ ਕਿਹਾ ਕਿ ਸੰਬੰਧਤ ਅਧਿਕਾਰੀਆਂ ਵਲੋਂ ਇਸ ਮਸਲੇ ਦੇ ਹੱਲ ਲਈ ਗੰਭੀਰਤਾ ਵਰਤਣੀ ਚਾਹੀਦੀ ਹੈ ਤੇ ਬੰਦ ਰਹਿੰਦੇ ਸੀਵਰੇਜ ਦੀ ਸਫਾਈ ਲਈ ਬੇਹਤਰ ਪ੍ਰਬੰਧ ਕਰਨੇ ਚਾਹੀਦੇ ਹਨ।