ਚੁਗਿੱਟੀ/ ਜੰਡੂ ਸਿੰਘਾ, 3 ਜੁਲਾਈ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ ਚੌਕ ਲਾਗਲੀ ਗੁਰੂ ਨਾਨਕ ਮਾਰਕੀਟ ਨਾਲ ਲੱਗਦੀ ਸੜਕ ਜੋ ਕਿ ਲੰਬੇ ਸਮੇਂ ਤੋਂ ਕਾਫ਼ੀ ਖ਼ਸਤਾ ਹਾਲਤ ਵਿਚ ਹੈ। ਦੁਕਾਨਦਾਰਾਂ ਤੇ ਇਲਾਕਾ ਵਸਨੀਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਕਤ ਸੜਕ ਦੀ ਮੁਰੰਮਤ ਕਰਵਾਉਣ ਹਿੱਤ ਉਨ੍ਹਾਂ ਵਲੋਂ ਅਨੇਕਾਂ ਵਾਰ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਤੇ ਹਲਕਾ ਵਿਧਾਇਕ ਨੂੰ ਮਿਲਕੇ ਅਰਜ਼ੋਈਆਂ ਕੀਤੀਆਂ ਗਈਆਂ ਹਨ, ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਸਾਲਾਂ ਦੇ ਸਾਲ ਬੀਤ ਚੁੱਕੇ ਹਨ ਪਰ ਕਿਸੇ ਅਧਿਕਾਰੀ ਨੂੰ ਇਸ ਸੜਕ ਦੀ ਮਾੜੀ ਹਾਲਤ ‘ਤੇ ਤਰਸ ਨਹੀਂ ਆਇਆ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਸੁਰਿੰਦਰ ਸਿੰਘ ਕੈਰੋਂ ਤੇ ਇਸ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਕਤ ਸੜਕ 15-20 ਵਰਿਆਂ ਤੋਂ ਥਾਂ ਥਾਂ ਤੋਂ ਟੁੱਟੀ ਹੋਈ ਹੈ, ਜਿਸ ਕਾਰਨ ਪਏ ਹੋਏ ਟੋਇਆਂ ਕਾਰਨ ਰਾਹਗੀਰਾਂ ਨੂੰ ਪੈਦਲ ਚੱਲਣ ‘ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਥੇ ਪਾਣੀ ਦੇ ਨਿਕਾਸ ਦਾ ਤਸੱਲੀਬਖ਼ਸ਼ ਪ੍ਰਬੰਧ ਨਾ ਹੋਣ ਕਾਰਨ ਜਦੋਂ ਮੀਂਹ ਪੈਂਦਾ ਹੈ ਤਾਂ ਬਰਸਾਤ ਦਾ ਪਾਣੀ ਸਾਰੀ ਸੜਕ ‘ਤੇ ਖੜ੍ਹਾ ਹੋ ਜਾਂਦਾ ਹੈ ਤਾਂ ਜ਼ਿਆਦਾ ਦਿਨ ਰੁਕੇ ਰਹਿਣ ਕਾਰਨ ਮੀਂਹ ਦੇ ਪਾਣੀ ਨਾਲ ਸੜਕ ‘ਤੇ ਗਾਰ ਬਣੀ ਜਾਂਦੀ ਹੈ।ਉਨ੍ਹਾਂ ਆਖਿਆ ਕਿ ਮਾਰਕੀਟ ਵਿਚ ਆਸ-ਪਾਸ ਦੇ ਇਲਾਕ਼ੇ ਵਿਚੋਂ ਲੋਕਾਂ ਦੀ ਇਸ ਪਾਸੇ ਆਵਾਜਾਈ ਘੱਟ ਹੋਣ ਕਾਰਨ ਦੁਕਾਨਦਾਰਾਂ ਦੇ ਕੰਮ ‘ਤੇ ਬੜਾ ਮਾੜਾ ਅਸਰ ਪੈ ਰਿਹਾ ਹੈ, ਜਿਸ ਕਾਰਨ ਦੁਕਾਨਦਾਰਾਂ ਦੀ ਆਮਦਨ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਖ਼ਸਤਾ ਹਾਲ ਵਿਚ ਹੋਣ ਕਾਰਨ ਆਏ ਦਿਨ ਇਥੇ ਵਾਹਨ ਪਲਟ ਰਹੇ ਹਨ ਜਾਂ ਸੜਕ ਵਿਚ ਧੱਸ ਜਾਂਦੇ ਹਨ ਜਿਸ ਤੋਂ ਬਾਅਦ ਸੜਕ ‘ਤੇ ਦੂਰ ਦੂਰ ਤੱਕ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ ਉਸ ਦੌਰਾਨ ਵੀ ਰਾਹਗੀਰਾਂ ਨੂੰ ਬੜੀ ਮੁਸੀਬਤ ਝੱਲਣੀ ਪੈਂਦੀ ਹੈ। ਉਨ੍ਹਾਂ ਵਲੋਂ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਵਿਹਲ ਕੱਢਣ ਲਈ ਤਰਲਾ ਪਾਇਆ ਗਿਆ। ਇਸ ਮੌਕੇ ਦਲਜੀਤ ਸਿੰਘ, ਯਸ਼ਪਾਲ ਸਫਰੀ ਤੇ ਬਹੁਤ ਸਾਰੇ ਹੋਰ ਦੁਕਾਨਦਾਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।