ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਿਵਲ ਹਸਪਤਾਲ ਦੇ ਬਾਹਰ ਤੇ ਅੰਦਰ ਬਦਤਰ ਹੋਏ ਹਾਲਾਤ, ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ ਤੇ ਬਿਜਲੀ ਵੀ ਰਹੀ ਠੱਪ

Ad Position 21
No active advertisement
ਅਜੀਤ ਡੈਸਕ 04-07-2026
ਜਲੰਧਰ, 3 ਜੁਲਾਈ (ਜਤਿੰਦਰ ਪੰਮੀ)-ਹੈਲਥ ਸਿਸਟਮਜ਼ ਕਾਰਪੋਰੇਸ਼ਨ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੇ ਹਾਲਾਤ ਇਨ੍ਹੀਂ ਦਿਨੀਂ ਕਾਫੀ ਬਦਤਰ ਬਣੇ ਹੋਏ ਹਨ। ਹਸਪਤਾਲ ਕੰਪਲੈਕਸ ਦੀ ਸੀਵਰੇਜ ਵਿਵਸਥਾ ਸੁਧਾਰਨ ਲਈ ਚੱਲ ਰਹੇ ਵਿਕਾਸ ਕਾਰਜ ਨਿਰਧਾਰਤ ਸਮਾਂਹੱਦ ਟੱਪ ਜਾਣ ਕਾਰਨ ਤੇ ਬਰਸਾਤੀ ਮੌਸਮ ਸ਼ੁਰੂ ਹੋਣ ਕਰਕੇ ਹੁਣ ਉਥੇ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਉਣ ਵਾਲੇ ਹੋਰ ਲੋਕਾਂ ਲਈ ਸਿਰਦਰਦੀ ਬਣਨ ਲੱਗੇ ਹਨ। ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਅਮਰਜੈਂਸੀ ਦੇ ਦੋਵੇਂ ਪਾਸੇ ਵੱਡੇ ਟੋਏ ਹੋਣ ਕਾਰਨ ਉਥੇ ਵੱਡੀ ਗੱਡੀ ਦਾ ਪਹੁੰਚਣਾ ਮੁਸ਼ਕਿਲ ਹੈ ਅਤੇ ਉਤੋਂ ਬੀਤੇ ਦਿਨੀਂ ਮੀਂਹ ਪੈਣ
ਕਾਰਨ ਉਨ੍ਹਾਂ ਟੋਇਆਂ ’ਚ ਬਰਸਾਤੀ ਪਾਣੀ ਭਰਨ ਨਾਲ ਮਿੱਟੀ ਬੈਠਣ ਕਰਕੇ ਕੀਤੀ ਉਸਾਰੀ ਵੀ ਖਰਾਬ ਹੋ ਗਈ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਅੰਦਰ ਸਥਿਤ ਕ੍ਰਿਸ਼ਨ ਲੈਬ ਦੇ ਬਾਹਰ ਵੀ ਮੀਂਹ ਦਾ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਇੱਟਾਂ ਰੱਖ ਕੇ ਕਾਊਂਟਰਾਂ ’ਤੇ ਪਹੁੰਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸੀਵਰੇਜ ਪਾਈਪ ਪਾਉਣ ਲਈ ਮਿੱਟੀ ਪੁੱਟਣ ਵਾਲੇ ਜੇ. ਸੀ. ਬੀ. ਚਾਲਕ ਦੀ ਲਾਪ੍ਰਵਾਹੀ ਕਾਰਨ ਜਿੱਥੇ ਜ਼ਮੀਨਦੋਜ਼ ਬਿਜਲੀ ਦੀਆਂ ਤਾਰਾਂ ਵੱਢੀਆਂ ਗਈਆਂ, ਉਥੇ ਹੀ ਸੀਵਰੇਜ ਪਾਈਪ ਦਾ ਜੋੜ ਵੀ ਲੀਕ ਕਰ ਗਿਆ। ਇਸ ਨਾਲ ਸਿਵਲ ਹਸਪਤਾਲ ਦੇ ਜ਼ਮੀਨਦੋਜ਼ ਵੈਟਰ ਟੈਂਕ ਦਾ ਸਾਫ ਪਾਣੀ ਵੀ ਟੋਏ ’ਚ ਭਰਨਾ ਸ਼ੁਰੂ ਹੋ ਗਿਆ। ਬਿਜਲੀ ਦੀਆਂ ਤਾਰਾਂ ਵੱਢੇ ਜਾਣ ਕਾਰਨ ਹਸਪਤਾਲ ਦੇ ਕਈ ਵਾਰਡਾਂ ’ਚ ਬਿਜਲੀ ਗੁੱਲ ਹੋਣ ਕਰਕੇ ਤੇ ਏ. ਸੀ. ਬੰਦ ਹੋਣ ਨਾਲ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਜਿਥੇ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਉਥੇ ਤਾਇਨਾਤ ਸਿਹਤ ਅਮਲੇ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਇਸ ਸੰਬੰਧੀ ਸਿਵਲ ਹਸਪਤਾਲ ਦੀ ਰੋਗੀ ਕਲਿਆਣ ਸੰਸਥਾ ਦੇ ਮੈਂਬਰ ਸੁਰਿੰਦਰ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਸਿਵਲ ਹਸਪਤਾਲ ਜਾ ਕੇ ਠੇਕੇਦਾਰ ਦੇ ਕਰਿੰਦਿਆਂ ਨੂੰ ਸਾਵਧਾਨੀ ਨਾਲ ਕੰਮ ਕਰ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਦੀ ਲਾਪ੍ਰਵਾਹੀ ਕਾਰਨ ਹੀ ਇਹ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮਾਮਲਾ ਮੈਡੀਕਲ ਸੁਪਰਡੈਂਟ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ। ਓਧਰ ਜਦੋਂ ਇਸ ਮਾਮਲੇ ਸੰਬੰਧੀ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
Ad Position 22
No active advertisement
ਪਿਛਲੀ ਖ਼ਬਰ ਨਾਨਕ ਪਿੰਡੀ ’ਚ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਸ਼ਰੇਆਮ ਘੁੰਮ ਰਿਹਾ ਹੈ ਬੱਚੇ ਚੋਰੀ ਕਰਨ ਵਾਲਾ ਗਰੋਹ ਅਗਲੀ ਖ਼ਬਰ ਸ਼ਰਾਬ ਨਾਲ ਟੱਲੀ ਹੋਏ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਉਪਰੰਤ ਸੀ. ਪੀ. ਨੇ ਕੀਤਾ ਮੁਅੱਤਲ
Ad Position 24
No active advertisement