ਜਮਸ਼ੇਰ ਖਾਸ, 3 ਜੁਲਾਈ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਪਿੰਡ ਨਾਨਕ ਪਿੰਡੀ ਵਿਖੇ ਅੱਜ ਸ਼ਾਮ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇਕ ਨਾਬਾਲਗ ਲੜਕੀ ਨੂੰ ਬੱਚਾ ਚੋਰ ਗਰੋਹ ਵਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਰੋਜ਼ਾਨਾ ਦੀ ਤਰ੍ਹਾਂ ਪਿੰਡ ਨਾਨਕ ਪਿੰਡੀ ਤੋਂ ਭੋਡੇ ਸਪਰਾਏ ਵਿਖੇ ਫੁੱਟਬਾਲ ਖੇਡਣ ਲਈ ਮੈਦਾਨ ਵਿਚ ਜਾਂਦੀ ਹੈ। ਅੱਜ ਕਰੀਬ ਸ਼ਾਮ 4.45 ਵਜੇ ਜਦੋਂ ਲੜਕੀ ਪਿੰਡ ਤੋਂ ਭੋਡੇ ਸਪਰਾਏ ਖੇਡਣ ਲਈ ਜਾਣ ਲੱਗੀ ਤਾਂ ਮੱਕੀ ਦੇ ਖੇਤਾਂ ਦੇ ਨਜ਼ਦੀਕ ਮੋਜੂਦ ਬੱਚਾ ਚੋਰ ਗਰੋਹ ਦੇ ਮੈਂਬਰ ਜੋ ਆਪਣੇ ਦੋ ਮੋਟਰਸਾਈਕਲਾਂ ਸਮੇਤ ਚਾਰ ਆਦਮੀ ਅਤੇ ਇਕ ਔਰਤ ਤੇ ਜਿਨ੍ਹਾਂ ਕੋਲ ਦੋ ਬੱਚੇ ਵੀ ਸਨ, ਨੇ ਲੜਕੀ ਨੂੰ ਜਬਰਦਸਤੀ ਆਪਣੇ ਮੋਟਰਸਾਈਕਲ ’ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਜਿਸ ’ਤੇ ਵਿਰੋਧ ਕਰਦਿਆਂ ਲੜਕੀ ਨੇ ਪਾਣੀ ਵਾਲੀ ਬੋਤਲ ਉਨਾਂ ਦੇ ਵੱਲ ਮਾਰ ਕੇ ਪਿੰਡ ਵਾਲੀ ਸਾਈਡ ਨੂੰ ਭੱਜ ਕੇ ਆਪਣੀ ਜਾਨ ਬਚਾਈ। ਇਸ ਘਟਨਾ ਸੰਬੰਧੀ ਥਾਣਾ ਸਦਰ ਜਲੰਧਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਆਸ -ਪਾਸ ਦੇ ਘਰਾਂ ਤੇ ਸੜਕਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਦੇਖਿਆ ਕਿ ਇਕ ਪਲੈਟਿਨਾ ਬਿਨ੍ਹਾਂ ਨੰਬਰੀ ਮੋਟਰਸਾਈਕਲ ਤੇ ਦੋ ਨੌਜਵਾਨ ਅਤੇ ਇਕ ਔਰਤ ਜਿਸ ਦੇ ਪਾਸ ਦੋ ਬੱਚੇ ਸਨ, ਲੰਘਦੇ ਨਜ਼ਰ ਆਏ। ਲੜਕੀ ਦੇ ਪਿਤਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਬੱਚਾ ਚੋਰ ਗਰੋਹ ਨੂੰ ਕਾਬੂ ਕਰਕੇ ਇਨ੍ਹਾਂ ਵਿਰੁੱਧ ਬਣਦੀ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ।