ਜਲੰਧਰ, 3 ਜੁਲਾਈ (ਐੱਮ. ਐੱਸ. ਲੋਹੀਆ)-ਮੁਸਲਿਮ ਆਰਗੇਨਾਈਜ਼ੇਸ਼ਨ ਪੰਜਾਬ ਨੇ ਪੈਗੰਬਰ ਮੁਹੰਮਦ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਡੀ. ਸੀ. ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ। ਮੁਸਲਿਮ ਆਰਗੇਨਾਈਜ਼ੇਸ਼ਨ ਪੰਜਾਬ ਦੇ ਮੁਖੀ ਐਡਵੋਕੇਟ ਨਈਮ ਖਾਨ ਦੀ ਅਗਵਾਈ ਹੇਠ ਜਨਰਲ ਸਕੱਤਰ ਮੁਹੰਮਦ ਮਜ਼ਹਰ ਆਲਮ ਮਜ਼ਾਹਿਰੀ, ਜਮਾਤ ਸਲਮਾਨੀ ਟਰੱਸਟ ਪੰਜਾਬ ਦੇ ਮੁਖੀ ਹਾਜੀ ਆਬਿਦ ਹਸਨ ਸਲਮਾਨੀ, ਸਈਅਦ ਅਲੀ, ਸਿਕੰਦਰ ਸ਼ੇਖ, ਆਦਿਲ ਖਾਨ, ਮੌਲਾਨਾ ਤਾਲਿਬ ਹੁਸੈਨ ਤੇ ਵੱਡੀ ਗਿਣਤੀ ’ਚ ਸਮਾਜਿਕ ਅਤੇ ਧਾਰਮਿਕ ਪ੍ਰਤੀਨਿਧੀਆਂ ਕਿਹਾ ਕਿ ਕੀਤੀਆਂ ਗਈਆਂ ਕਥਿਤ ਅਪਮਾਨਜਨਕ ਟਿੱਪਣੀਆਂ ਨੇ ਦੇਸ਼ ਭਰ ਦੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਅਪਮਾਨ ਕਰਨ ਵਾਲੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਖ਼ਤ ਕਾਨੂੰਨੀ ਕਾਰਵਾਈ ਕਰਦੇ ਹੋਏ ਐਫ਼.ਆਈ.ਆਰ ਦਰਜ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਵਿਚ ਸਦਭਾਵਨਾ ਤੇ ਸ਼ਾਂਤੀ ਬਣਾਈ ਰੱਖਣ ਲਈ ਅਜਿਹੇ ਮਾਮਲਿਆਂ ਵਿਚ ਕਾਨੂੰਨ ਤਹਿਤ ਜਲਦੀ ਅਤੇ ਨਿਰਪੱਖ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।