ਫਾਇਰ ਸਟੇਸ਼ਨ ’ਤੇ ਆਵੇਗੀ 2.76 ਕਰੋੜ ਦੀ ਲਾਗਤ
ਜਲੰਧਰ, 5 ਜੁਲਾਈ (ਸ਼ਿਵ)-ਫੋਕਲ ਪੁਆਇੰਟ ਦੇ ਸਨਅਤਕਾਰ ਅਤੇ ਆਸਪਾਸ ਦੇ ਲੋਕਾਂ ਦੀ ਇਲਾਕੇ ਵਿਚ ਫਾਇਰ ਸਟੇਸ਼ਨ ਬਣਾਉਣ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਜਲਦੀ ਹੀ ਪੂਰੀ ਹੋ ਜਾਵੇਗੀ ਕਿਉਂਕਿ ਫੋਕਲ ਪੁਆਇੰਟ ਵਿਚ ਪੀ. ਐਸ. ਆਈ. ਈ.ਸੀ.ਵਲੋਂ ਨਗਰ ਨਿਗਮ ਨੂੰ ਦਿੱਤੀ ਗਈ ਜ਼ਮੀਨ ’ਤੇ ਫਾਇਰ ਸਟੇਸ਼ਨ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਜਿਹੜਾ ਕਿ ਦਸੰਬਰ ਮਹੀਨੇ ਵਿਚ ਪੂਰਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ । ਇਸ ਫਾਇਰ ਸਟੇਸ਼ਨ ’ਤੇ 2.76 ਕਰੋੜ ਦੀ ਲਾਗਤ ਆਉਣੀ ਹੈ ਜਦਕਿ ਨਗਰ ਨਿਗਮ ਵਲੋਂ ਜਿਹੜਾ ਨਵਾਂ ਫਾਇਰ ਸਟੇਸ਼ਨ ਬਣਾਇਆ ਜਾ ਰਿਹਾ ਹੈ। ਉਹ 160 ਫੁੱਟ ਲੰਬਾ ਤੇ 160 ਫੁੱਟ ਚੌੜਾ ਹੈ। ਇਸ ਫਾਇਰ ਸਟੇਸ਼ਨ ਵਿਚ 4ਤੋਂ ਜ਼ਿਆਦਾ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਖੜੀਆਂ ਹੋਣਗੀਆਂ ਸਗੋਂ ਬਕਾਇਦਾ ਇਸ ਫਾਇਰ ਸਟੇਸ਼ਨ ਵਿਚ ਸਟਾਫ਼ ਵੀ ਤੈਨਾਤ ਕੀਤਾ ਜਾਵੇਗਾ। ਇਸ ਫਾਇਰ ਸਟੇਸ਼ਨ ਨੂੰ ਬਣਾਉਣ ਲਈ ਇਕ ਸਾਲ ਦਾ ਸਮਾਂ ਦਿੱਤਾ ਗਿਆ ਸੀ। ਸਨਅਤਕਾਰਾਂ ਵਲੋਂ ਵੀ ਨਗਰ ਨਿਗਮ ਤੋਂ ਲੰਬੇ ਸਮੇਂ ਤੋਂ ਮੰਗ ਕੀਤੀ ਗਈ ਸੀ ਕਿ ਇਸ ਇਲਾਕੇ ਲਈ ਅਲੱਗ ਫਾਇਰ ਸਟੇਸ਼ਨ ਬਣਾਇਆ ਜਾਵੇ। ਅਜੇ ੁਜੇਲ ਰੋਡ ’ਤੇ ਫਾਇਰ ਸਟੇਸ਼ਨ ਮੌਜੂਦ ਹੈ। ਫੋਕਲ ਪੁਆਇੰਟ ਵਿਚ ਆਪਣਾ ਫਾਇਰ ਸਟੇਸ਼ਨ ਬਣਨ ਨਾਲ ਲੋਕਾਂ ਦੀ ਮੰਗ ਪੂਰੀ ਹੋ ਜਾਵੇਗੀ। ਚੇਤੇ ਰਹੇ ਕਿ ਇਸ ਦੇ ਆਲ਼ੇ ਦੁਆਲੇ ਵੀ ਅੱਗਾਂ ਲੱਗਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਫੋਕਲ ਪੁਆਇੰਟ ਦਾ ਇਲਾਕਾ ਹੋਣ ਕਰਕੇ ਇਸ ਥਾਂ ’ਤੇ ਫਾਇਰ ਸਟੇਸ਼ਨ ਬਣਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਨਗਰ ਨਿਗਮ ਵਲੋਂ ਲੋਕਾਂ ਦੀ ਇਹ ਮੰਗ ਜਲਦੀ ਹੀ ਪੂਰੀ ਹੋਣ ਵਾਲੀ ਹੈ।
ਦਸੰਬਰ ਵਿਚ ਬਣ ਕੇ ਤਿਆਰ ਹੋ ਜਾਵੇਗਾ ਫੋਕਲ ਪੁਆਇੰਟ ਦਾ ਨਵਾਂ ਫਾਇਰ ਸਟੇਸ਼ਨ
ਅਜੀਤ ਡੈਸਕ
06-07-2026