ਜਲੰਧਰ, 6 ਜੁਲਾਈ (ਪਵਨ ਖਰਬੰਦਾ)-ਪਦਮ ਭੂਸ਼ਣ ਸਨਮਾਨਿਤ, ਲਰਨਿੰਗ ਵਿੰਗਜ਼ ਐਜੂਕੇਸ਼ਨ ਸਿਸਟਮ ਦੇ ਮੁੱਖ ਸਰਪ੍ਰਸਤ ਸ਼੍ਰੀ ਐਮ ਸਰ ਦਾ ਜਲੰਧਰ ਦੌਰਾ ਕੈਂਬਰਿਜ ਪਰਿਵਾਰ ਲਈ ਇੱਕ ਅਭੁੱਲ ਅਤੇ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਇਆ। ਉਨ੍ਹਾਂ ਦੇ ਜੀਵਨ-ਦਰਸ਼ਨ, ਆਤਮਿਕ ਚਿੰਤਨ ਅਤੇ ਮੁੱਲ-ਆਧਾਰਿਤ ਸਿੱਖਿਆ ਦੇ ਸੰਦੇਸ਼ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸਕਾਰਾਤਮਕ ਸੋਚ, ਆਤਮ-ਚਿੰਤਨ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ । ਦੌਰੇ ਦੇ ਦੂਸਰੇ ਦਿਨ ਕੈਂਬਰਿਜ ਇਨੋਵੇਟਿਵ ਸਕੂਲ ਵਿੱਚ ਦਿਨ ਦੀ ਸ਼ੁਰੂਆਤ ਸ੍ਰੀ ਐਮ ਸਰ ਦੀ ਅਗਵਾਈ ਹੇਠ ਧਿਆਨ ਸੈਸ਼ਨ ਨਾਲ ਹੋਈ । ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਨ ਦੀ ਸ਼ਾਂਤੀ, ਇਕਾਗਰਤਾ ਅਤੇ ਅੰਦਰੂਨੀ ਸੰਤੁਲਨ ਦਾ ਅਨੁਭਵ ਕੀਤਾ। ਇਸ ਉਪਰੰਤ ਬੂਟੇ ਲਾਉਣ, ਵਾਤਾਵਰਨ ਸੰਭਾਲ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ ਗਿਆ । ਉਪਰੰਤ ਸ੍ਰੀ ਐਮ ਸਰ ਨੇ ਜਮਾਤ 10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨਾਲ ਰੂ-ਬ-ਰੂ ਸੰਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਆਤਮ-ਵਿਸ਼ਵਾਸ, ਦਇਆ-ਭਾਵਨਾ, ਧਿਆਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਡੂੰਘੇ ਵਿਚਾਰਾਂ, ਸਰਲ ਜੀਵਨ-ਸ਼ੈਲੀ ਅਤੇ ਨਿਮਰ ਵਿਅਕਤਿਤਵ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡੀ। ਸ਼ਾਮ ਸਮੇਂ ਕੈਂਬਰਿਜ ਇੰਟਰਨੈਸ਼ਨਲ ਫਾਊਂਡੇਸ਼ਨ ਸਕੂਲ ਵਿੱਚ ਸਮਾਗਮ ਦੀ ਸ਼ੁਰੂਆਤ ਫੁੱਲਾਂ ਦੇ ਸਵਾਗਤ ਅਤੇ ਦੀਪ ਪ੍ਰਜਵਲਨ ਨਾਲ ਹੋਈ। ਸਤਸੰਗ ਵਿੱਚ ਵੱਡੀ ਗਿਣਤੀ ਵਿੱਚ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਪ੍ਰੇਰਣਾਦਾਇਕ ਸਮਾਗਮ ਵਿਚ ਸ੍ਰੀ ਐਮ ਸਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਰਮਾਤਮਾ ਇੱਕ ਹੈ, ਕੇਵਲ ਉਸ ਤੱਕ ਪਹੁੰਚਣ ਦੇ ਰਾਹ ਵੱਖ-ਵੱਖ ਹਨ। ਉਨ੍ਹਾਂ ਨੇ ਦੱਸਿਆ ਕਿ ਮਨੁੱਖਤਾ, ਪਿਆਰ ਅਤੇ ਸੇਵਾ ਹੀ ਪ੍ਰਭੂ ਦੀ ਸੱਚੀ ਉਪਾਸਨਾ ਹੈ।ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਸ਼੍ਰੀ ਐਮ ਸਰ ਨੇ ਸੰਦੇਸ਼ ਨੂੰ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਜਾਣਕਾਰੀ ਇਕੱਠੀ ਕਰਨਾ ਨਹੀਂ, ਸਗੋਂ ਆਪਣੇ ਆਪ ਨੂੰ ਜਾਣਨਾ ਅਤੇ ਇੱਕ ਬਿਹਤਰ ਇਨਸਾਨ ਬਣਾਉਣਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚਾਈ, ਨਿਮਰਤਾ, ਕਰੁਣਾ, ਧਿਆਨ ਅਤੇ ਸੇਵਾ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦੀ ਪ੍ਰੇਰਣਾ ਦਿੱਤੀ। ਇਸ ਉਪਰੰਤ ਸ੍ਰੀ ਐਮ ਵੱਲੋਂ ‘ਯਾਤਰਾ ਜਾਰੀ ਹੈ’ (ਪੰਜਾਬੀ ਅਨੁਵਾਦ) ਦਾ ਲੋਕ ਅਰਪਣ ਕੀਤਾ ਗਿਆ Iਇਸ ਪੁਸਤਕ ਵਿੱਚ ਉਨ੍ਹਾਂ ਨੇ ਆਪਣੇ ਗੁਰੂਆਂ ਨਾਲ ਹੋਏ ਅਨੁਭਵਾਂ, ਹਿਮਾਲਿਆ ਦੀਆਂ ਆਧਿਆਤਮਿਕ ਸਾਧਨਾਵਾਂ, ਧਿਆਨ, ਆਤਮ-ਚੇਤਨਾ ਅਤੇ ਮਨੁੱਖੀ ਚੇਤਨਾ ਦੇ ਵਿਸਤਾਰ ਬਾਰੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ ਹਨ। ਉਪਰੰਤ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਗਿਆ ਸਨਮਾਨ-ਚਿੰਨ੍ਹ ਸ਼੍ਰੀ ਐਮ ਸਰ ਨੂੰ ਭੇਟ ਕਰਕੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਅਤੇ ਸਨੇਹ ਪ੍ਰਗਟ ਕੀਤਾ ਗਿਆ । ਇਸ ਗੌਰਵਮਈ ਮੌਕੇ ‘ਤੇ ਦ ਸਤਸੰਗ ਫਾਊਂਡੇਸ਼ਨ ਦੇ ਸ਼੍ਵੇਂਕੀ ਸਰ , ਮਹਿੰਦਰ ਸਰ, ਮੋਨਾ ਮੈਡਮ,ਪ੍ਰਿਯੰਕਾ, ਮਹਿੰਦਰ ਚੋਪੜਾ ਸਰ ਅਤੇ ਲਰਨਿੰਗ ਵਿੰਗਜ਼ ਐਜੂਕੇਸ਼ਨ ਸਿਸਟਮ ਦੇ ਐਡਵਾਇਜ਼ਰੀ ਬੋਰਡ ਦੇ ਚੇਅਰਮੈਨ ਕੋਹਲੀ ਸਰ ਦੀ ਗੌਰਵਮਈ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਨੂੰ ਹੋਰ ਵੀ ਵਧਾ ਦਿੱਤਾ।