ਨਿਗਮ ਨੂੰ 2 ਸਾਲ ਤੋਂ ਕੁੱਕੀ ਢਾਬ ਦੀ ਸੜਕ ਬਣਾਉਣ ਦਾ ਨਹੀਂ ਮਿਲਿਆ ਸਮਾਂ ਸੜਕ ’ਤੇ ਚਿੱਕੜ ਅਤੇ ਪੱਥਰਾਂ ਕਾਰਨ ਰੋਜ਼ ਵਾਪਰ ਰਹੇ ਹਾਦਸੇ, ਲੋਕ ਪ੍ਰੇਸ਼ਾਨ
ਅਜੀਤ ਡੈਸਕ
07-07-2026
ਇਹ ਸੜਕ ਇਲਾਕੇ ਦੀਆਂ ਕਈ ਕਾਲੋਨੀਆਂ ਮਿਹਰ ਐਨਕਲੇਵ, ਪੰਚਸ਼ੀਲ ਕਲੋਨੀ, ਗਰੀਨ ਗੁੱਡ ਐਵੇਨਿਊ ਫ਼ੇਜ਼1 ਅਤੇ ਫ਼ੇਜ਼2, ਕਿੰਗ ਕਾਲੋਨੀ, ਏਕਤਾ ਨਗਰ, ਸੁਦਾਮਾ ਵਿਹਾਰ ਅਤੇ ਮਿੱਠਾਪੁਰ ਜਾਣ ਲਈ ਮੁੱਖ ਸੰਪਰਕ ਮਾਰਗ ਹੈ ਅਤੇ ਰੋਜ਼ਾਨਾ ਸੈਂਕੜੇ ਲੋਕ ਇਸ ਮਾਰਗ ਤੋਂ ਲੰਘਦੇ ਹਨ। ਸੜਕ ਦੀ ਖਸਤਾ ਹਾਲਤ ਹੋਣ ਕਾਰਨ ਇੱਕ ਤਾਂ ਵਾਹਨ ਚਾਲਕ ਜ਼ਖਮੀ ਹੁੰਦੇ ਹਨ ਅਤੇ ਦੂਜਾ ਉਨ੍ਹਾਂ ਦੇ ਵਾਹਨਾਂ ਦਾ ਵੀ ਨੁਕਸਾਨ ਹੁੰਦਾ ਹੈ। ਥੋੜ੍ਹੀ ਜਿਹੀ ਬਾਰਸ਼ ਹੋਣ ’ਤੇ ਇਸ ਸੜਕ ਦੀ ਹਾਲਤ ਨਰਕ ਵਰਗੀ ਬਣ ਜਾਂਦੀ ਹੈ ਕਿਉਂਕਿ ਸੜਕ ’ਤੇ ਚਿੱਕੜ ਹੀ ਚਿੱਕੜ ਫੈਲ ਜਾਂਦਾ ਹੈ, ਜਿਸ ਕਾਰਨ ਅਕਸਰ ਵਾਹਨ ਚਾਲਕ ਫਿਸਲ ਕੇ ਡਿਗ ਪੈਂਦੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਈ ਵਾਰ ਪ੍ਰਸ਼ਾਸਨ ਤੇ ਇਲਾਕੇ ਕੌਂਸਲਰ ਨੂੰ ਸ਼ਿਕਾਇਤ ਦਿੱਤੀ ਗਈ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ। ਮਿੱਠਾਪੁਰ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕਲੋਨੀਆਂ ਦੀਆਂ ਸੜਕਾਂ ਦੁਬਾਰਾ ਬਣਾਈਆਂ ਗਈਆਂ ਹਨ ਪਰ ਇਸ ਸੜਕ ਦੀ ਹਾਲਤ ਪੁੱਛਣ ਵਾਲਾ ਕੋਈ ਨਹੀਂ ਹੈ ਅਤੇ ਪਿਛਲੇ 2 ਸਾਲਾਂ ਤੋਂ ਲੋਕ ਇਸ ਖ਼ਸਤਾ-ਹਾਲ ਸੜਕ ਕਾਰਨ ਬਹੁਤ ਪ੍ਰੇਸ਼ਾਨ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਕੇਸ਼ ਸ਼ਰਮਾ, ਪ੍ਰਧਾਨ ਮਿਹਰ ਇਨਕਲੇਵ, ਰਾਜਨ ਮਲਣ, ਡਾ. ਕਰਮਜੀਤ ਸਿੰਘ ਕੰਗ, ਰਵੀ ਰਾਵਤ, ਚੰਦਨ ਕੁਮਾਰ ਸੋਨੀ, ਰਾਜਾ ਰਾਮ ਸ਼ਰਮਾ, ਪਵਨ ਨੇਲਵਾਲ, ਵਿਜੇ ਸਕੂਟਰ ਵਾਲੇ ਅਤੇ ਵਾਲੀਆ ਪ੍ਰਾਪਰਟੀ ਡੀਲਰ ਨੇ ਜਾਣਕਾਰੀ ਦਿੰਦੇ ਦੱਸਿਆ ਦੋ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਸੜਕ ਬਣਾਉਣ ਨੂੰ ਲੈ ਕੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਨਵੀਂ ਸੜਕ ਤੁਰੰਤ ਬਣਾਈ ਜਾਣੀ ਚਾਹੀਦੀ ਹੈ।