ਜਲੰਧਰ, 6 ਜੁਲਾਈ (ਐੱਮ. ਐੱਸ. ਲੋਹੀਆ) - ਸਤਲੁਜ ਫ਼ਿਲਮ ਨੂੰ ਓ.ਟੀ.ਟੀ. ਪਲੇਟ ਫਾਰਮ ਤੋਂ ਹਟਾਉਣ ਦੀ ਸਿੱਖ ਤਾਲਮੇਲ ਕਮੇਟੀ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਸਿੱਖ ਕੌਮ ਨਾਲ ਪਿੱਛਲੇ ਸਮੇਂ ਦੌਰਾਨ ਹੋਏ ਧੱਕੇ ਦੇ ਸੱਚ ਨੂੰ ਛੁਪਾਉਣ ਲਈ ਕੀਤੀ ਗਈ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ 35,000 ਅਣਪਛਾਤੀਆਂ ਸਿੱਖ ਲਾਸ਼ਾਂ ਦਾ ਪਤਾ ਲਗਾਇਆ, ਜਿਸ ਦੇ ਨਤੀਜੇ ਵਲੋਂ ਉਸ ਵੇਲੇ ਦੀ ਜਾਲਮ ਸਰਕਾਰ ਵਲੋਂ ਉਨ੍ਹਾਂ ਦੀ ਹੱਤਿਆ ਕਰਵਾਈ ਗਈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਦੀ ਸਚਾਈ ਦੱਸਦੀ ਅਤੇ ਉਸ ਵੇਲੇ ਸਿੱਖ ਨੌਜਵਾਨਾਂ ’ਤੇ ਹੋਏ ਜ਼ੁਲਮਾਂ ਦੀ ਦਾਸਤਾਨ ’ਤੇ ਬਣੀ ਫ਼ਿਲਮ ‘ਪੰਜਾਬ 95’ ਜਿਸਨੂੰ ਪਿੱਛਲੇ 5 ਸਾਲਾਂ ਤੋਂ ਰਿਲੀਜ਼ ਨਹੀਂ ਕੀਤਾ ਗਿਆ, ਆਖਿਰ ਉਸ ਨੂੰ ਬਾਅਦ ’ਚ ‘ਸਤਲੁਜ’ ਦਾ ਨਾਮ ਦੇ ਕੇ 3 ਜੁਲਾਈ ਨੂੰ ਜਾਰੀ ਕੀਤਾ ਗਿਆ ਅਤੇ ਇਹ ਓ.ਟੀ.ਟੀ. ਅਤੇ ਜੀ 5 ’ਤੇ ਵੀ ਰਿਲੀਜ਼ ਹੋਈ, ਪਰ ਇਸ ਨੂੰ 5 ਜੁਲਾਈ ਤੋਂ ਪਹਿਲਾਂ ਹੀ ਓ.ਟੀ.ਟੀ. ਤੋਂ ਹਟਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਬੇਬਾਕੀ, ਜੁਅਰਤ ਅਤੇ ਅਡੋਲ ਸੱਚ ਵਾਲੀ ਜੀਵਨ ਸ਼ੈਲੀ ਉਪਰ ਅਧਾਰਿਤ, ਉਨ੍ਹਾਂ ਵਲੋਂ ਸਿੱਖ ਕੌਮ ਲਈ ਦਿੱਤੀਆਂ ਕੁਰਬਾਨੀਆਂ ਦੀ ਮੂੰਹੋਂ ਬੋਲਦੀ ਫਿਲਮ ‘ਸਤਲੁਜ’ ਸਿਰਫ਼ 2 ਦਿਨਾਂ ਬਾਅਦ ਬੈਨ ਕਰ ਦਿੱਤੀ ਗਈ, ਇਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ। ਆਗੂਆਂ ਨੇ ਕਿਹਾ ਕਿ ਕਸ਼ਮੀਰ ’ਚ ਕੁੱਝ ਹਿੰਦੂ ਵੀਰਾਂ ’ਤੇ ਕੀਤੇ ਜੁਲਮ ’ਤੇ ਅਧਾਰਿਤ ‘ਦੀ ਕਸ਼ਮੀਰ ਫਾਈਲ’ ਤਾਂ ਦਿਖਾਈ ਜਾ ਸਕਦੀ ਹੈ ਅਤੇ ਉਸ ਦਾ ਟੈਕਸ ਵੀ ਮੁਆਫ਼ ਕੀਤਾ ਜਾ ਸਕਦਾ ਹੈ, ‘ਕੇਰਲਾ ਸਟੋਰੀ’ ’ਚ ਹਿੰਦੂ ਬੱਚੀਆਂ ਨਾਲ ਹੋਏ ਜੁਲਮ ਵਾਲੀ ਫਿਲਮ ਦਿਖਾਈ ਜਾ ਸਕਦੀ ਹੈ ਪਰ ਸਿੱਖ ਕੌਂਮ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਿਸ ਤਰ੍ਹਾਂ ਲਾਸ਼ ਬਣਾ ਦਿੱਤਾ ਗਿਆ, ਉਹ ਲੋਕਾਂ ਨੂੰ ਨਹੀਂ ਦੱਸਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਸਰਕਾਰ ਦਾ ਸਿੱਖਾਂ ਨਾਲ ਵਿਤਕਰਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦੇ ਨਤੀਜੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਮੌਕੇ ਮਨਮਿੰਦਰ ਸਿੰਘ ਭਾਟੀਆ, ਮਨਪ੍ਰੀਤ ਸਿੰਘ ਬਿੰਦਰਾ, ਹਰਨੇਕ ਸਿੰਘ ਨੇਕੀ, ਕਮਲਦੀਪ ਸਿੰਘ ਕੰਮਾ, ਵਿਪਨ ਕੁਮਾਰ ਅਤੇ ਹੋਰ ਹਾਜ਼ਰ ਸਨ।