ਸ਼ਾਹਕੋਟ, 7 ਜੁਲਾਈ (ਦਲਜੀਤ ਸਿੰਘ ਸਚਦੇਵਾ)- ਭਾਜਪਾ ਦੇ ਸੂਬਾਈ ਮੁੱਖ ਦਫ਼ਤਰ ਵਿਖੇ ਉੱਘੇ ਸਿਆਸਤਦਾਨ, ਸਿੱਖਿਆ ਸ਼ਾਸਤਰੀ ਤੇ ਚਿੰਤਕ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਸੰਬੰਧੀ ਕਰਵਾਏ ਸਮਾਗਮ ਵਿਚ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਤੇ ਡਾ. ਮੁਖਰਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਡਾ. ਮੁਖਰਜੀ ਦਾ ਜੀਵਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਮਰਪਿਤ ਸੀ। ਉਨ੍ਹਾਂ ਦੇ ਬਲੀਦਾਨ ਨੂੰ ਭਾਰਤ ਕਦੇ ਨਹੀਂ ਭੁੱਲ ਸਕਦਾ। ਰਾਣਾ ਨੇ ਕਿਹਾ ਕਿ ਭਾਜਪਾ ਦਾ ਹਰ ਵਰਕਰ ਉਨ੍ਹਾਂ ਦੇ ਦਿਖਾਏ ਮਾਰਗ ’ਤੇ ਚੱਲ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨ ਲਈ ਵਚਨਬੱਧ ਹੈ। ਸਮਾਗਮ ਉਪਰੰਤ ਉਨ੍ਹਾਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਰਾਣਾ ਹਰਦੀਪ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਸ਼ਾਹਕੋਟ ਹਲਕੇ ਵਿਚ ਪਾਰਟੀ ਦੀਆਂ ਚੱਲ ਰਹੀਆਂ ਸਰਗਰਮੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਾਰਟੀ ਵਰਕਰ ਹਲਕੇ ਦੇ ਹਰ ਪਿੰਡ ਤੇ ਸ਼ਹਿਰ ਵਿਚ ਲੋਕਾਂ ਨਾਲ ਜੁੜ ਰਹੇ ਹਨ। ਇਸ ਦੇ ਨਾਲ ਹੀ ਰਾਣਾ ਹਰਦੀਪ ਸਿੰਘ ਨੇ ਹਲਕੇ ਦੇ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਦਾ ਮੁੱਦਾ ਵੀ ਪ੍ਰਧਾਨ ਢਿੱਲੋਂ ਦੇ ਸਾਹਮਣੇ ਰੱਖਿਆ। ਸੂਬਾ ਪ੍ਰਧਾਨ ਢਿੱਲੋਂ ਨੇ ਰਾਣਾ ਹਰਦੀਪ ਸਿੰਘ ਦੁਆਰਾ ਦੱਸੀਆਂ ਗਈਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪਾਰਟੀ ਵਲੋਂ ਪਹਿਲ ਦੇ ਆਧਾਰ ’ਤੇ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਸ਼ਾਹਕੋਟ ਹਲਕੇ ਦੇ ਵਰਕਰਾਂ ਦੀ ਮਿਹਨਤ ਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਦਾ ਹਰ ਇਕ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ। ਇਸ ਦੇ ਨਾਲ ਹੀ ਕੇਵਲ ਸਿੰਘ ਢਿੱਲੋਂ ਨੇ ਰਾਣਾ ਹਰਦੀਪ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਹੁਤ ਜਲਦ ਸ਼ਾਹਕੋਟ ਹਲਕੇ ਦਾ ਦੌਰਾ ਕਰਨਗੇ, ਤਾਂ ਜੋ ਉੱਥੋਂ ਦੇ ਵਰਕਰਾਂ ਨਾਲ ਸਿੱਧਾ ਸੰਵਾਦ ਕੀਤਾ ਜਾ ਸਕੇ।