ਸ਼ਾਹਕੋਟ, 7 ਜੁਲਾਈ (ਸੁਖਦੀਪ ਸਿੰਘ)- ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਸਰਗਰਮ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਨੇ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਬਜ਼ੁਰਗ ਅਤੇ ਅਪਾਹਜ ਵਿਅਕਤੀਆਂ ਲਈ ਮੁਫ਼ਤ ਮੈਡੀਕਲ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਸੰਬੰਧੀ ਸੰਸਥਾ ਦੇ ਸਰਪ੍ਰਸਤ ਮੈਡਮ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰ ਕੌਰ ਝੀਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਲੋਂ ਕੁੱਝ ਸਮਾਂ ਪਹਿਲਾਂ ਸ਼ੁਰੂ ਕੀਤੀ ਗਈ ਮੁਫ਼ਤ ਈ-ਰਿਕਸ਼ਾ ਸੇਵਾ ਦਾ ਵੱਡੀ ਗਿਣਤੀ ‘ਚ ਬਜ਼ੁਰਗ ਅਤੇ ਅਪਾਹਜ ਵਿਅਕਤੀ ਲਾਭ ਲੈ ਰਹੇ ਹਨ। ਹੁਣ ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਲਾਜ਼ ਅਤੇ ਦਵਾਈ ਦੀ ਸਹੂਲਤ ਉਪਲੱਬਧ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਆਮ ਬਿਮਾਰੀਆਂ ਨਾਲ ਪੀੜਤ ਬਜ਼ੁਰਗ ਅਤੇ ਅਪਾਹਜ ਵਿਅਕਤੀ ਹਰ ਰੋਜ਼ ਦੁਪਹਿਰ 2 ਵਜੇ ਤੋਂ ਬਾਅਦ ਕ੍ਰਿਸ਼ਨਾ ਮੈਡੀਕੋਜ਼ ਮੁਹੱਲਾ ਬਾਗਵਾਲਾ ਨਜ਼ਦੀਕ ਕੋਲੇ ਵਾਲਾ ਡੀਪੂ, ਸ਼ਾਹਕੋਟ ਵਿਖੇ ਆਪਣੀ ਜਾਂਚ ਕਰਵਾ ਕੇ ਮੁਫ਼ਤ ਦਵਾਈ ਪ੍ਰਾਪਤ ਕਰ ਸਕਦੇ ਹਨ। ਇਸ ਸੇਵਾ ਦਾ ਲਾਭ ਲੈਣ ਲਈ ਮਰੀਜ਼ 87466-35681 ‘ਤੇ ਸੰਪਰਕ ਕਰਕੇ ਸੰਸਥਾ ਦੀ ਮੁਫ਼ਤ ਈ-ਰਿਕਸ਼ਾ ਸੇਵਾ ਵੀ ਹਾਸਲ ਕਰ ਸਕਦੇ ਹਨ। ਸੁਰਿੰਦਰ ਕੌਰ ਝੀਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਪਹਿਲਾਂ ਸ਼ੁਰੂ ਕੀਤਾ ਗਿਆ ਕੱਪੜਾ ਬੈਂਕ ਵੀ ਲਗਾਤਾਰ ਚੱਲ ਰਿਹਾ ਹੈ, ਜਿੱਥੋਂ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਕੱਪੜੇ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਭਵਿੱਖ ਵਿੱਚ ਵੀ ਸਮਾਜ ਭਲਾਈ ਲਈ ਅਜਿਹੇ ਉਪਰਾਲੇ ਜਾਰੀ ਰੱਖੇਗੀ। ਮੀਟਿੰਗ ਦੌਰਾਨ ਸਕੱਤਰ ਸ਼ਮਿੰਦਰ ਕੌਰ, ਖਜਾਨਚੀ ਸਰੋਜ ਗੁਪਤਾ, ਸਹਾਇਕ ਖਜਾਨਚੀ ਬਲਵੀਰ ਕੌਰ, ਸਲਾਹਕਾਰ ਹਰਪਾਲ ਕੌਰ, ਨਿਰਮਲ ਕੌਰ, ਰੀਟਾ ਸੋਬਤੀ, ਮਨਜੀਤ ਕੌਰ ਦੋਜੀ ਤੇ ਹੋਰ ਮੈਂਬਰ ਹਾਜ਼ਰ ਸਨ।