ਨਿਰਮਲ ਸੰਪ੍ਰਦਾਇ : ਇਤਿਹਾਸ , ਉਤਪੱਤੀ ਅਤੇ ਗਿਆਨ - ਪਰੰਪਰਾ ’ ਤੇ ਕਰਵਾਇਆ ਸੈਮੀਨਾਰ
ਜਲੰਧਰ, 30 ਅਗਸਤ (ਐੱਮ. ਐੱਸ.
ਜਲੰਧਰ, 30 ਅਗਸਤ (ਐੱਮ. ਐੱਸ. ਲੋਹੀਆ) - ਨਿਰਮਲ ਸੰਪ੍ਰਦਾਇ ਵਲੋਂ ਪੰਜਾਬ ਦੇ ਇਤਿਹਾਸ ਅਤੇ ਗੁਰਮਤਿ ਗਿਆਨ ਦੇ ਖੇਤਰ ’ਚ ਪਾਏ ਗਏ ਅਹਿਮ ਯੋਗਦਾਨ ਅਤੇ ਸੰਪ੍ਰਦਾਇ ਦੇ ਇਤਿਹਾਸ, ਉਤਪੱਤੀ ਅਤੇ ਗਿਆਨ-ਪਰੰਪਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਗੁਰਪ੍ਰੀਤ ਸਿੰਘ ਸੰਧੂ ਅਤੇ ਵਿਰਸਾ ਵਿਹਾਰ, ਜਲੰਧਰ ਦੇ ਵਿਸ਼ੇਸ਼ ਉਪਰਾਲੇ ਸਦਕਾ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਪ੍ਰਸਿੱਧ ਵਿਦਵਾਨ ਡਾ. ਪਰਮਜੀਤ ਸਿੰਘ ਮਾਨਸਾ, ਬਾਬਾ ਤੇਜਾ ਸਿੰਘ (ਐੱਮ. ਏ., ਖੁੱਡਾ ਵਾਲੇ) ਅਤੇ ਬਾਬਾ ਗੁਰਿੰਦਰ ਪਾਲ ਸਿੰਘ (ਨਿਰਮਲ ਕੁਟੀਆ, ਅਰਜੁਨ ਨਗਰ, ਜਲੰਧਰ) ਨੇ ਬਤੌਰ ਵਕਤਾ ਸ਼ਿਰਕਤ ਕੀਤੀ। ਨਿਰਮਲ ਸੰਪ੍ਰਦਾਇ : ਇਤਿਹਾਸ, ਉਤਪੱਤੀ ਅਤੇ ਗਿਆਨ-ਪਰੰਪਰਾ ਵਿਸ਼ੇ ’ਤੇ ਕਰਵਾਏ ਸੈਮੀਨਾਰ ਦੌਰਾਨ ਬਾਬਾ ਤੇਜਾ ਸਿੰਘ ਨੇ ਕਿਹਾ ਕਿ ਨਿਰਮਲ ਵਿਦਵਾਨਾਂ ਨੇ ਗੁਰਮਤਿ, ਸੰਸਕ੍ਰਿਤ, ਵੇਦਾਂਤ, ਬ੍ਰਜ ਅਤੇ ਪੰਜਾਬੀ ਸਾਹਿਤ ਦੇ ਅਧਿਐਨ ਅਤੇ ਪ੍ਰਚਾਰ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਵਿਰਾਸਤ ਦੇ ਅਨੇਕ ਪੱਖ ਅਜੇ ਵੀ ਖੋਜ ਦੀ ਉਡੀਕ ਕਰ ਰਹੇ ਹਨ ਅਤੇ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਨ ਲਈ ਅਜਿਹੇ ਵਿਦਵਾਨੀ ਸੰਵਾਦ ਬਹੁਤ ਜ਼ਰੂਰੀ ਹਨ। ਡਾ. ਪਰਮਜੀਤ ਸਿੰਘ ਮਾਨਸਾ ਨੇ ਨਿਰਮਲ ਸੰਪ੍ਰਦਾਇ ਦੇ ਵੱਖ-ਵੱਖ ਇਤਿਹਾਸਕ ਅਤੇ ਵਿਦਵਾਨੀ ਪੱਖਾਂ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪਰੰਪਰਾ ਨੂੰ ਕੇਵਲ ਇਕ ਧਾਰਮਿਕ ਸੰਪ੍ਰਦਾਇ ਦੇ ਸੀਮਤ ਦਾਇਰੇ ’ਚ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਇਸ ਨੂੰ ਪੰਜਾਬ ਦੀ ਵਿਸ਼ਾਲ *ਗਿਆਨ, ਸਾਹਿਤ, ਦਰਸ਼ਨ ਅਤੇ ਵਿਦਿਆ ਪਰੰਪਰਾ* ਦੇ ਮਹੱਤਵਪੂਰਨ ਹਿੱਸੇ ਵਜੋਂ ਸਮਝਣ ਦੀ ਲੋੜ ਹੈ। ਬਾਬਾ ਗੁਰਿੰਦਰ ਪਾਲ ਸਿੰਘ ਅਤੇ ਡੇਰਾ ਸੰਤਪੁਰਾ ਲਾਇਲਪੁਰੀ ਦੇ ਮੁੱਖੀ ਸੰਤ ਰਣਜੀਤ ਸਿੰਘ ਨੇ ਇਸ ਸੈਮੀਨਾਰ ਨੂੰ ਗਿਆਨ ਭਰਪੂਰ ਅਤੇ ਸਾਰਥਕ ਉਪਰਾਲਾ ਦੱਸਿਆ। ਇਸ ਮੌਕੇ ਵਿਰਸਾ ਵਿਹਾਰ ਦੇ ਵਾਈਸ ਚੇਅਰਮੈਨ ਸੰਗਤ ਰਾਮ, ਸਕੱਤਰ ਗੁਰਮੀਤ ਸਿੰਘ, ਅਜੀਤ ਸਿੰਘ ਬੁਲੰਦ, ਅਮਨ ਬੱਗਾ, ਪ੍ਰਦੀਪ ਕੁਮਾਰ ਵਰਮਾ, ਜਸਵਿੰਦਰ ਸਿੰਘ ਆਜ਼ਾਦ, ਵਰੁਣ ਗੁਪਤਾ, ਡਾ. ਵਨੀਤ ਸ਼ਰਮਾ, ਕੰਕੇਸ਼ ਗੁਪਤਾ, ਹਰਸੇਵਕ ਸਿੰਘ ਭੁੱਲਰ, ਐੱਸ.ਪੀ. ਸਿੰਘ ਅਤੇ ਹੋਰ ਹਾਜ਼ਰ ਸਨ।