ਅਰਬਨ ਅਸਟੇਟ ਤੋਂ ਫੋਲੜੀਵਾਲ ਜਾਂਦੀ ਸੜਕ ਦੇ ਕਿਨਾਰਿਆਂ ’ਤੇ ਸੁੱਟਿਆ ਜਾ ਰਿਹਾ ਕੂੜਾ ਤੇ ਮਲਬਾ
ਜਲੰਧਰ, 17 ਅਕਤੂਬਰ (ਸ਼ਿਵ)-ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਕਈ ਸੜਕਾਂ, ਖਾਲੀ ਪਲਾਟਾਂ ਅਤੇ ਸਰਕਾਰੀ ਖਾਲੀ ਪਈਆਂ ਜ਼ਮੀਨਾਂ ’ਤੇ ਕੂੜਾ-ਕਰਕਟ ਅਤੇ ਮਲਬਾ ਸੁੱਟਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਕਈ ਮਹੱਤਵਪੂਰਨ ਸੰਪਰਕ ਸੜਕਾਂ ਦੇ ਕਿਨਾਰੇ ਗੰਦਗੀ ਦੇ ਢੇਰ ਲੱਗ ਰਹੇ ਹਨ, ਜਿਸ ਨਾਲ ਨਾ ਸਿਰਫ਼ ਸ਼ਹਿਰ ਦੀ ਦਿੱਖ ਖ਼ਰਾਬ ਹੋ ਰਹੀ ਹੈ, ਸਗੋਂ ਆਮ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲੰਧਰ, 17 ਅਕਤੂਬਰ (ਸ਼ਿਵ)-ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਕਈ ਸੜਕਾਂ, ਖਾਲੀ ਪਲਾਟਾਂ ਅਤੇ ਸਰਕਾਰੀ ਖਾਲੀ ਪਈਆਂ ਜ਼ਮੀਨਾਂ ’ਤੇ ਕੂੜਾ-ਕਰਕਟ ਅਤੇ ਮਲਬਾ ਸੁੱਟਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਕਈ ਮਹੱਤਵਪੂਰਨ ਸੰਪਰਕ ਸੜਕਾਂ ਦੇ ਕਿਨਾਰੇ ਗੰਦਗੀ ਦੇ ਢੇਰ ਲੱਗ ਰਹੇ ਹਨ, ਜਿਸ ਨਾਲ ਨਾ ਸਿਰਫ਼ ਸ਼ਹਿਰ ਦੀ ਦਿੱਖ ਖ਼ਰਾਬ ਹੋ ਰਹੀ ਹੈ, ਸਗੋਂ ਆਮ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਰਬਨ ਅਸਟੇਟ ਜਲੰਧਰ ਤੋਂ ਡੇਅਰੀ ਕੰਪਲੈਕਸ ਫੋਲੜੀਵਾਲ, ਜਮਸ਼ੇਰ ਖਾਸ, ਜੰਡਿਆਲਾ ਅਤੇ ਹੋਰ ਪਿੰਡਾਂ ਨੂੰ ਜੋੜਨ ਵਾਲੀ ਸੰਪਰਕ ਸੜਕ ਦੇ ਕਿਨਾਰਿਆਂ ’ਤੇ ਵੱਡੇ ਪੱਧਰ ’ਤੇ ਕੂੜਾ-ਕਰਕਟ, ਮਲਬਾ ਸੁੱਟਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਸੀਵਰੇਜ ਦੀ ਗੰਦਗੀ ਵੀ ਇੱਥੇ ਸੁੱਟੇ ਜਾਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਸੜਕਾਂ ਦੇ ਕਿਨਾਰਿਆਂ ’ਤੇ ਕੂੜਾ ਅਤੇ ਮਲਬਾ ਸੁੱਟਣ ਵਾਲਿਆਂ ਨੂੰ ਰੋਕਣ ਲਈ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ ਵਲੋਂ ਸੰਬੰਧਤ ਸੜਕ ਦੇ ਕਿਨਾਰੇ 10 ਹਜ਼ਾਰ ਰੁਪਏ ਜੁਰਮਾਨੇ ਸਬੰਧੀ ਬੋਰਡ ਲਗਵਾਏ ਗਏ ਹਨ। ਇਸੇ ਤਰ੍ਹਾਂ ਚਿਤਾਵਨੀ ਵਜੋਂ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਵੀ 5 ਹਜ਼ਾਰ ਰੁਪਏ ਜੁਰਮਾਨੇ ਸਬੰਧੀ ਸਾਈਨ ਬੋਰਡ ਲਗਾਏ ਗਏ ਹਨ । ਇਸ ਦੇ ਬਾਵਜੂਦ ਕੂੜਾ ਅਤੇ ਮਲਬਾ ਸੁੱਟਣ ਦੀਆਂ ਘਟਨਾਵਾਂ ਜਾਰੀ ਰਹਿਣ ਕਾਰਨ ਜੁਰਮਾਨਿਆਂ ਦੇ ਬੋਰਡਾਂ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਸਿਰਫ਼ ਚਿਤਾਵਨੀ ਬੋਰਡ ਲਗਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਸਗੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਵੀ ਜ਼ਰੂਰੀ ਹੈ। ਸ਼ਹਿਰ ਵਿਚ ਕਈ ਥਾਵਾਂ ’ਤੇ ਲੋਕਾਂ ਵਲੋਂ ਸਿਰਫ਼ ਨਿੱਜੀ ਖਾਲੀ ਪਲਾਟਾਂ ਵਿਚ ਹੀ ਨਹੀਂ, ਸਗੋਂ ਸਰਕਾਰੀ ਖਾਲੀ ਪਈਆਂ ਜ਼ਮੀਨਾਂ ’ਤੇ ਵੀ ਕੂੜਾ-ਕਰਕਟ ਅਤੇ ਉਸਾਰੀ ਦਾ ਮਲਬਾ ਸੁੱਟਿਆ ਜਾ ਰਿਹਾ ਹੈ। ਖਾਲੀ ਪਲਾਟਾਂ ਵਿਚ ਕੂੜਾ ਸੁੱਟਣ ਦੀ ਸਮੱਸਿਆ ਨੂੰ ਰੋਕਣ ਲਈ ਸਾਬਕਾ ਡਿਪਟੀ ਕਮਿਸ਼ਨਰ ਹਿਮਾਂਸ਼ੂੁ ਅਗਰਵਾਲ ਦੇ ਕਾਰਜਕਾਲ ਦੌਰਾਨ ਵੀ ਕਾਰਵਾਈ ਕੀਤੀ ਗਈ ਸੀ। ਉਸ ਸਮੇਂ ਕਈ ਖਾਲੀ ਪਲਾਟਾਂ ਦੇ ਮਾਲਕਾਂ ਦੇ ਚਲਾਨ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਆਪਣੇ ਪਲਾਟਾਂ ਦੀ ਚਾਰਦੀਵਾਰੀ ਕਰਵਾਉਣ ਲਈ ਕਿਹਾ ਗਿਆ ਸੀ, ਤਾਂ ਜੋ ਇਨ੍ਹਾਂ ਥਾਵਾਂ ’ਤੇ ਲੋਕਾਂ ਵਲੋਂ ਕੂੜਾ ਸੁੱਟਣ ਤੋਂ ਰੋਕਿਆ ਜਾ ਸਕੇ। ਇਸ ਤਰ੍ਹਾਂ ਦੀ ਕਾਰਵਾਈ ਦੇ ਬਾਵਜੂਦ ਸ਼ਹਿਰ ਦੇ ਕਈ ਖਾਲੀ ਪਲਾਟਾਂ ਵਿਚ ਅਜੇ ਵੀ ਕੂੜਾ ਅਤੇ ਮਲਬਾ ਸੁੱਟਿਆ ਜਾ ਰਿਹਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਮੱਸਿਆ ਦਾ ਸਥਾਈ ਹੱਲ ਕੱਢਣ ਲਈ ਸਿਰਫ਼ ਚਲਾਨ ਕਰਨ ਜਾਂ ਚਾਰਦੀਵਾਰੀ ਕਰਵਾਉਣ ਤੱਕ ਸੀਮਤ ਰਹਿਣ ਦੀ ਬਜਾਏ ਲਗਾਤਾਰ ਨਿਗਰਾਨੀ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਲੋੜ ਹੈ।