ਸੰਤੁਲਨ ਵਿਗੜਨ ਕਾਰਨ ਕਾਰ ਹਾਦਸਾਗ੍ਰਸਤ, ਪਤੀ-ਪਤਨੀ ਜ਼ਖ਼ਮੀ
ਗੁਰਾਇਆ, 28 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਮਿਸ਼ਰਾ ਢਾਬੇ ਦੇ ਸਾਹਮਣੇ ਨੈਸ਼ਨਲ ਹਾਈਵੇਅ ’ਤੇ ਇੱਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਕਾਰ ਸਵਾਰ ਪਤੀ-ਪਤਨੀ ਜ਼ਖ਼ਮੀ ਹੋ ਗਏ।
ਗੁਰਾਇਆ, 28 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਮਿਸ਼ਰਾ ਢਾਬੇ ਦੇ ਸਾਹਮਣੇ ਨੈਸ਼ਨਲ ਹਾਈਵੇਅ ’ਤੇ ਇੱਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਕਾਰ ਸਵਾਰ ਪਤੀ-ਪਤਨੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਹਾਈਵੇਅ ’ਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਾਹਗੀਰ ਵਲੋਂ ਸੂਚਨਾ ਮਿਲੀ ਸੀ ਕਿ ਮਿਸ਼ਰਾ ਢਾਬੇ ਦੇ ਸਾਹਮਣੇ ਸੜਕ ਹਾਦਸਾ ਵਾਪਰ ਗਿਆ ਹੈ। ਸੂਚਨਾ ਮਿਲਣ ’ਤੇ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਹਰਬੰਸ ਸਿੰਘ ਆਪਣੀ ਪਤਨੀ ਨਾਲ ਕਾਰ ਵਿੱਚ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਜਦੋਂ ਉਹ ਮਿਸ਼ਰਾ ਢਾਬੇ ਨੇੜੇ ਪਹੁੰਚੇ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਸੈਂਟਰ ਡਿਵਾਈਡਰ ਪਾਰ ਕਰਕੇ ਹਾਈਵੇਅ ਦੀ ਦੂਜੀ ਸਾਈਡ ’ਤੇ ਜਾ ਪਹੁੰਚੀ। ਉਨ੍ਹਾਂ ਦੱਸਿਆ ਕਿ ਹਾਦਸੇ ’ਚ ਹਰਬੰਸ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਪਹੁੰਚੀ ਐੱਸ.ਐੱਸ.ਐੱਫ. ਦੀ ਟੀਮ ਵੱਲੋਂ ਦੋਵਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ 108 ਐਂਬੂਲੈਂਸ ਵੀ ਬੁਲਾਈ ਗਈ, ਪਰ ਦੋਵਾਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਟੀਮ ਨੇ ਟੋਇੰਗ ਵੈਨ ਦੀ ਮਦਦ ਨਾਲ ਹਾਦਸਾਗ੍ਰਸਤ ਕਾਰ ਨੂੰ ਸੜਕ ਤੋਂ ਪਾਸੇ ਕਰਵਾਇਆ ਅਤੇ ਨੈਸ਼ਨਲ ਹਾਈਵੇਅ ’ਤੇ ਲੱਗੇ ਜਾਮ ਨੂੰ ਖੁੱਲ੍ਹਵਾਇਆ। ਇਸ ਸੰਬੰਧੀ ਥਾਣਾ ਗੁਰਾਇਆ ਦੇ ਡਿਊਟੀ ਅਫ਼ਸਰ ਏ.ਐੱਸ.ਆਈ. ਸੁਰਿੰਦਰ ਪਾਲ ਨੂੰ ਵੀ ਸੂਚਿਤ ਕੀਤਾ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਦੋਵਾਂ ਦੀ ਮਦਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਘਰ ਵੱਲ ਰਵਾਨਾ ਕੀਤਾ।