01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਭੁਲੱਕੜਨਾਮਾ ਫਗਵਾੜਾ

Ad Position 21
No active advertisement
ਅਜੀਤ ਡੈਸਕ 19-07-2026

ਫਗਵਾੜੇ ਨਾਲ ਮੇਰੀਆਂ ਬਹੁਤ ਮਿੱਠੀਆਂ ਅਤੇ ਕੌੜੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਥੇ ਜਗਤਜੀਤ ਖੰਡ ਮਿੱਲ ਵਿਚ ਮੇਰੇ ਸਹੁਰਾ ਸਾਹਿਬ ਸਰਦਾਰ ਮਿੱਤ ਸਿੰਘ ਗਿੱਲ ਫੋਰਮੈਨ ਸਨ। ਛੋਟੀ ਉਮਰ ਵਿਚ ਮੇਰੀ ਪਤਨੀ ਮਨਜੀਤ ਕੌਰ ਦੀ ਮਾਤਾ ਚੱਲ ਵਸੀ ਸੀ। ਮੇਰੇ ਸਹੁਰਾ ਸਾਹਿਬ ਨੇ ਦੂਜਾ ਵਿਆਹ ਕਰਵਾ ਲਿਆ। ਮੇਰੀ ਪਤਨੀ ਦੀ ਦੂਜੀ ਮਾਤਾ ਵੀ ਸਾਡੇ ਵਿਆਹ ਤੋਂ ਪਹਿਲਾਂ ਹੀ ਚੱਲ ਵਸੀ। ਮੇਰੀ ਪਤਨੀ ਦੀ ਪਾਲਣਾ ਪੋਸ਼ਣਾ ਦੋਹਾਂ ਚਾਚੀਆਂ ਗੁਲਾਬ ਕੌਰ ਅਤੇ ਗੁਰਦੀਪ ਕੌਰ ਨੇ ਬਹੁਤ ਹੀ ਪਿਆਰ ਨਾਲ ਕੀਤੀ। ਮੈਂ ਜਦੋਂ ਫਗਵਾੜੇ ਬੀ. ਐਡ ਕਰਦਾ ਸੀ ਤਾਂ ਮੈਂ ਹਰ ਰੋਜ਼ ਆਪਣੇ ਪਿੰਡ ਆ ਜਾਂਦਾ ਸੀ। ਪਰ ਕਈ ਵਾਰ ਪਤੀਸ ( ਚਾਚੀ ਸੱਸ) ਗੁਰਦੀਪ ਕੌਰ ਕੋਲ ਵੀ ਰਹਿ ਪੈਂਦਾ ।
ਇਕ ਵਾਰ ਅਸੀਂਂ ਫਗਵਾੜੇ ਮਿਲਣ ਚਲੇ ਗਏ। ਬੇਟਾ ਬਲਬੀਰ ਬੱਬੂ ਛੋਟਾ ਜਿਹਾ ਹੀ ਹੁੰਦਾ ਸੀ ਮੇੇਰੀ। ਬੇਬੇ ਦੇ ਸੁਭਾਅ ਵਿਚ ਇਕ ਗੱਲ ਇਹ ਵੀ ਸ਼ਾਮਿਲ ਸੀ ਕਿ ਜਦੋਂ ਅਸੀਂ ਘਰੋਂ ਕਿਤੇ ਨੂੰ ਜਾਣਾ, ਉਹ ਸਾਡੇ ਤੁਰਨ ਵੇਲੇ ਤਾਕੀਦ ਜ਼ਰੂਰ ਕਰਦੀ ਸੀ, ''ਭਾਈ ਕਲ੍ਹ ਨੂੰ ਸਾਝਰੇ ਸਾਝਰੇ ਘਰ ਮੁੜ ਆਇਓ''। ਅਸੀਂ ਬੇਬੇ ਦੀ ਗੱੱਲ ਦਿਮਾਗ ਵਿਚ ਰੱਖ ਕੇ ਚਾਚੀ ਦੇ ਮੁੰਡਿਆਂ ਨੂੰ ਕਿਹਾ, ''ਸਾਨੂੰ ਸੁਵਖਤੇ ਬੱਸ ਚੜ੍ਹਾ ਆਇਓ'' ''ਬੱਸਾਂ ਵਿਚ ਕਿੱਥੇ ਧੱਕੇ ਖਾਓਂਗੇ ਥੋਨੂੰ ਅਸੀਂ ਨੌ ਵਜੇ ਵਾਲੀ ਰੇਲ ਗੱਡੀ 'ਤੇ ਚੜ੍ਹਾ ਕੇ ਆਵਾਂਗੇ। ਗੱਡੀ ਜਲੰਧਰੋਂ ਬਣ ਕੇ ਚਲਦੀ ਹੈ। ਜਮਾਂ ਹੀ ਖਾਲੀ ਹੁੰਦੀ ਹੈ। ਚਾਹੇ ਲੰਮੇ ਪੈ ਕੇ ਚਲੇ ਜਾਇਓ''। ਮੈਂ ਕਿਹਾ, ''ਇਹ ਤਾਂ ਚੰਗੀ ਗੱਲ ਹੈ। ਬੱਬੂ ਵੀ ਰੇਲ ਗੱਡੀ ਦੀ ਝਾਟੀ ਲੈ ਲਊਗਾ। ਨਾਲੇ ਲੁਧਿਆਣਾ ਸਟੇਸ਼ਨ 'ਤੇ ਉਤਰਕੇ ਲਕਸ਼ਮੀ ਸਿਨੇਮੇ ਕੋਲੋਂ ਪਿੰਡ ਦੀ ਬਸ ਫੜਾਂਗੇ, ਠਾਹ ਕੁਹਾੜੇ।''
ਅਗਲੀ ਸਵੇਰ ਅਸੀਂ ਪਿੰਡ ਨੂੰ ਮੁੜਨ ਲਈ ਫਟਾ-ਫਟ ਤਿਆਰ ਹੋ ਗਏ। ਬੇਰੀਆਂ ਦੇ ਬਾਗ ਕੋਲੋਂ ਰਿਕਸ਼ਾ ਲੈ ਕੇੇ ਮੈਂ ਤੇ ਮਨਜੀਤ ਉਸ ਵਿਚ ਬੈਠ ਗਏ। ਬੱਬੂ ਨੂੰ ਅਸੀਂ ਆਪਣੇ ਵਿਚਾਲੇੇ ਬਿਠਾ ਲਿਆ। ਚਾਚੇ ਦੇ ਮੁੰਡੇ ਗੁਰਮੀਤ ਸਿੰਘ ਅਤੇ ਬਿੱਟੂ ਇਕ ਸਾਈਕਲ ਉਤੇ ਸਵਾਰ ਹੋ ਕੇ ਸਾਡੇ ਰਿਕਸ਼ੇ ਦੇ ਮਗਰ, ਮਗਰ ਚੱਲ ਪਏ। ਅਸੀਂ ਛੇਤੀ ਛੇਤੀ ਰਿਕਸ਼ਾ ਵਿਚੋਂ ਉਤਰੇ। ਮੈਂ ਲੁਧਿਆਣੇ ਦੀਆਂ ਢਾਈ ਟਿਕਟਾਂ ਕਟਵਾ ਲਈਆਂ। ਗੁਰਮੀਤ ਅਤੇ ਬਿੱਟੂ ਸਟੈਂਡ 'ਤੇ ਆਪਣਾ ਸਾਈਕਲ ਖੜ੍ਹਾ ਕਰਕੇ ਪਲੇਟਫਰਮ ਦੀਆਂ ਟਿਕਟਾਂ ਲੈ ਕੇ ਪਲੇਟ ਫਾਰਮ ਨੰਬਰ ਇਕ ਉਤੇ ਸਾਡੇ ਕੋਲ ਆ ਗਏ। ਸਾਡੇ ਪੁੱਛਣ ਤੇ ਇਕ ਕੁਲੀ ਨੇ ਦੱਸਿਆ, ''ਲੁਧਿਆਣੇ ਵਾਲੀ ਗੱਡੀ ਸਹੀ ਟਾਈਮ 'ਤੇ ਆ ਰਹੀ ਹੈ''। ਉਸਨੇ ਅਜੇ ਸਾਡੇ ਸਵਾਲ ਦਾ ਜਵਾਬ ਦਿੱਤਾ ਹੀ ਸੀ ਕਿ ਕੂਕਾਂ ਮਾਰਦੀ ਗੱਡੀ ਨੇੇ ਸਿਗਨਲ ਪਾਰ ਕਰ ਲਿਆ।
ਗੁਰਮੀਤ ਕਹਿਣ ਲੱਗਿਆ, ''ਅੱਜ ਤਾਂ ਇਹ ਨੌ ਵੱਜਣ ਤੋਂ ਦਸ ਮਿੰਟ ਪਹਿਲਾਂ ਹੀ ਆ ਗਈ।'' ਗੱਡੀ ਰੁਕ ਗਈ। ਪਹਿਲਾਂ ਮੈਂ ਚੜ੍ਹਿਆ ਫਿਰ ਮਨਜੀਤ ਕੋਲੋਂ ਬੱਬੂ ਨੂੰ ਫੜਿਆ। ਮਨਜੀਤ ਵੀ ਛੇਤੀ, ਛੇਤੀ ਬੱਬੂ ਦੇ ਨਾਲ ਹੀ ਚੜ੍ਹ ਗਈ। ਜਿਸ ਡੱਬੇ ਵਿਚ ਅਸੀਂ ਚੜ੍ਹੇ ਉਹ ਬਿਲਕੁਲ ਖਾਲੀ ਸੀ। ਬਸ ਇਕ ਦੋ ਸਵਾਰੀਆਂ ਹੀ ਨਜ਼ਰ ਆ ਰਹੀਆਂ ਸਨ। ਬੱਬੂ ਗੱਡੀ ਵਿਚੋਂ ਬਾਹਰ ਨੂੰ ਦੇਖ ਰਿਹਾ ਸੀ। ਉਹ ਪਿੱਛੇ ਨੂੰ ਭੱਜਦੇ ਦਰੱਖਤ ਦੇਖ ਕੇ ਬਹੁਤ ਖ਼ੁਸ਼ ਹੋ ਰਿਹਾ ਸੀ। ਮੇਰੇ ਕੋਲ ਇਕ ਬਾਬੂ ਅਖਬਾਰ ਵਿਚ ਛਪਿਆ ਲੇਖ ਪੜ੍ਹ ਰਿਹਾ ਸੀ, ''ਰੇਲ ਗੱਡੀ ਵਿਚ ਸਫਰ ਕਿਵੇਂ ਕਰੀਏ?''
ਗੱਡੀ ਇਕ ਦਮ ਹਵਾ ਨਾਲ ਗੱਲਾਂ ਕਰਨ ਲੱਗੀ। ਇਕ ਸਟੇਸ਼ਨ ਨੂੰ ਫਰਨ ਦੇ ਕੇ ਪਿੱਛੇ ਛੱਡ ਗਈ। ਮੈਂ ਉਸਦਾ ਨਾਉਂ ਨਾ ਪੜ੍ਹ ਸਕਿਆ। ਥੋੜ੍ਹੇ ਚਿਰ ਪਿਛੋਂ ਕੁਲਥਮ ਨਾਮ ਦਾ ਇਕ ਸਟੇਸ਼ਨ ਲੰਘਿਆ। ਮੈਂ ਸੋਚਿਆ ''ਇਹ ਕਿਹੜਾ ਸਟੇਸ਼ਨ ਹੋਇਆ?'' ਆਖਰ ਕੋਲ ਬੈਠੇ ਇਕ ਸਰਦਾਰ ਨੂੰ ਪੁਛਿਆ, ''ਇਹ ਕੁਲਥਮ ਦਾ ਸਟੇਸ਼ਨ ਕਦੋਂ ਬਣ ਗਿਆ? ਮੈਂ ਇਕ ਸਾਲ ਰੋਜ਼ਾਨਾ ਫਗਵਾੜੇ ਤੋਂ ਆਉਣ ਜਾਣ ਕਰਦਾ ਰਿਹਾ ਹਾਂ, ਮੈਂ ਤਾਂ ਇਹ ਸਟੇਸ਼ਨ ਕਦੇ ਦੇਖਿਆ ਨਹੀਂ'' ਭਾਈ ਸਾਹਿਬ ਤੁੁਸੀਂ ਕਿਥੋਂ ਆਉਂਦੇ ਜਾਂਦੇ ਸੀ।'' ''ਮੈਂ ਕਿਹਾ ਲੁਧਿਆਣੇ ਤੋਂ।'' ਭਾਈ ਸਾਹਿਬ ਇਹ ਲੁਧਿਆਣੇ ਵਾਲੀ ਲਾਈਨ ਨਹੀਂ ਆਪਾਂ ਤਾਂ ਹੁਣ ਨਵਾਂ ਸ਼ਹਿਰ ਵੱਲ ਨੂੰ ਜਾ ਰਹੇ ਹਾਂ।'' ਮੈਂ ਕਿਹਾ, ''ਮੇਰੇ ਰਿਸ਼ਤੇਦਾਰ ਤਾਂ ਸਾਨੂੰ ਠੀਕ ਗੱਡੀ ਤੇ ਚੜ੍ਹਾ ਕੇ ਗਏ ਹਨ''। ''ਉਹ ਤੁਹਾਨੂੰ ਠੀਕ ਗੱਡੀ 'ਤੇ ਨਹੀਂ ਗਲਤ ਗੱਡੀ 'ਤੇ ਚੜ੍ਹਾ ਗਏ। ਲੁਧਿਆਣੇ ਵਾਲੀ ਗੱਡੀ ਇਸ ਤੋਂ ਦਸ ਮਿੰਟ ਪਿਛੋਂ ਫਗਵਾੜੇ ਪਹੁੰਚਦੀ ਹੈ। ਤੁਸੀਂ ਗਲਤ ਗੱਡੀ ਚੜ੍ਹ ਗਏ''। ''ਅਸੀਂ ਤਾਂ ਲੁਧਿਆਣੇ ਜਾਣਾ ਹੁਣ ਇਹ ਕਿੱਥੇ ਰੁਕੂਗੀ'' ''ਹੁਣ ਇਹ ਬੰਗਿਆਂ ਤੋਂ ਉਰੇ ਕਿਤੇ ਨਹੀਂ ਰੁਕਣੀ। ਉਥੇ ਉੱਤਰ ਜਾਇਓ''। ''ਉਧਰੋਂ ਗੱਡੀ ਦਾ ਕੋਈ ਟਾਈਮ?'' ''ਹੁਣ ਤਾਂ ਇਹੀ ਮੁੜੂਗੀ ਜੇਜੋਂ ਤੋਂ ਸ਼ਾਮਾਂ ਨੂੰ। ਹੁਣ ਤੁਸੀਂ ਬੰਗੇ ਉਤਰ ਕੇ ਜਾਂ ਤਾਂ ਫਗਵਾੜੇ ਨੂੰ ਆ ਜਾਇਓ ਜਾਂ ਫਿਰ ਲੁਧਿਆਣਾ ਦੀ ਬਸ ਫੜ ਲਿਓ''। ਮੈਂ ਆਪਣੀ ਪਤਨੀ ਨੂੰ ਕਿਹਾ ''ਤੇਰੇ ਭਾਈਆਂ ਨੇ ਪਾ ਤਾ ਆਪਾਂ ਨੂੰ ਚੱਕਰ ਵਿਚ।'' ਉਹ ਹੱਸ ਕੇ ਬੋਲੀ, ''ਥੋਡੇ ਵੀ ਤਾਂ ਸਾਲੇ ਨੇ, ਕੀ ਪਤਾ ਮਖੌਲ ਹੀ ਕਰ ਗਏ ਹੋਣ''। ''ਉਹ ਤਾਂ ਫਗਵਾੜੇ ਰਹਿੰਦੇ ਨੇ। ਆਪਣੇ ਸ਼ਹਿਰ ਤੋਂ ਜਾਣ ਵਾਲੀਆਂ ਗੱਡੀਆਂ ਦੇ ਟਾਈਮ ਤਾਂ ਲੋਕਾਂ ਨੂੰ ਅਕਸਰ ਯਾਦ ਹੁੰਦੇ ਹਨ'', ਉਸਨੇ ਜਦੇ ਹੀ ਆਪਣੇ ਬਾਪੂ ਜੀ ਨੂੰ ਯਾਦ ਕਰਦਿਆਂ ਕਿਹਾ, ''ਬਾਪੂ ਜੀ ਬਹੁਤਾ ਸਫਰ ਰੇਲ ਗੱਡੀ ਰਾਹੀਂ ਹੀ ਕਰਿਆ ਕਰਦੇ ਸਨ। ਪਾਕਿਸਤਾਨ ਬਣਨ ਤੋਂ ਪਹਿਲਾਂ ਐਤਵਾਰ ਦੀ ਛੁਟੀ ਕੱਟਣ ਰੇਲ ਰਾਹੀਂ ਹੀ ਲਾਇਲਪੁਰ ਨੂੰ ਜਾਇਆ ਕਰਦੇ ਸਨ''। ''ਉਹਨਾਂ ਸਮਿਆਂ ਵਿਚ ਬੱਸਾਂ ਬਹੁਤ ਘੱਟ ਚਲਦੀਆਂ ਸਨ ਉਹ ਵੀ ਭਾਫ ਨਾਲ''। ਗੱਲਾਂ ਕਰਦੇ ਕਰਦੇ ਪਤਾ ਹੀ ਨਾ ਲੱਗਿਆ ਬੰਗਾ ਦਾ ਸਟੇਸ਼ਨ ਕਦੋਂ ਆ ਗਿਆ। ਸਟੇਸ਼ਨ ਤੋਂ ਰਿਕਸ਼ਾ ਲੈ ਲੈ ਕੇ ਅਸੀਂ ਬੰਗਾ ਬੱਸ ਅੱੱਡੇ ਪਹੁੰਚ ਗਏ। ਉਹਨਾਂ ਸਮਿਆਂ ਵਿਚ ਬੱਸਾਂ ਬਹੁਤ ਘੱਟ ਚਲਦੀਆਂ ਸਨ ਅਤੇ ਉਹਨਾਂ ਵਿਚ ਭੀੜ ਬਹੁਤ ਹੁੰਦੀ ਸੀ। ਪਤਾ ਲੱਗਿਆ ਲੁਧਿਆਣੇ ਤੋਂ ਇਕ ਬੱਸ ਆਊਗੀ ਉਹੀ ਲੁਧਿਆਣੇ ਨੂੰ ਮੁੜੂਗੀ। ਇਕ ਨਵਾਂ ਸ਼ਹਿਰ ਤੋਂ ਵੀ ਆਉਣ ਵਾਲੀ ਹੈ। ਉਹ ਫਗਵਾੜੇ ਨੂੰ ਜਾਊਗੀ। ਅਸੀਂ ਫੈਸਲਾ ਕਰ ਲਿਆ ਕਿ ਜਿਹੜੀ ਬੱਸ ਪਹਿਲਾਂ ਆਈ ਉਸੇ ਵਿਚ ਹੀ ਸਵਾਰ ਹੋ ਜਾਣਾ। ਮੈਂ ਕਿਤੇ ਪੜ੍ਹਿਆ ਵੀ ਸੀ ਕਿ ਜਿਹੜਾ ਚਲਦੀ ਗੱਡੀ ਵਿਚ ਸਵਾਰ ਹੋ ਜਾਵੇ ਉਹ ਆਪਣੀ ਮੰਜਿਲ 'ਤੇ ਛੇਤੀ ਪਹੁੰਚਦਾ ਹੈ। ਉਦੋਂ ਤਾਂ ਇਸਦੇ ਅਰਥ ਮੈਂ ਹੋਰ ਕੱਢੇ ਸੀ ਕਿ ਕਈ ਬੰਦੇ ਮਤਲਬਪ੍ਰਸਤ ਹੁੰਦੇ ਹਨ। ਜਿਥੇ ਕਿਸੇ ਦਾ ਮਤਲਬ ਹੱਲ ਹੁੰਦਾ ਹੋਵੇ ਉਧਰ ਨੂੰ ਉਲਟ ਜਾਂਦੇ ਹਨ। ਪਰ ਅੱਜ ਤਾਂ ਮੈਂ ਅਰਥ ਆਪ ਹੀ ਬਦਲ ਲਏ।
ਨਵਾਂ ਸ਼ਹਿਰ ਤੋਂ ਫਗਵਾੜੇ ਜਾਣ ਵਾਲੀ ਬਸ ਆ ਗਈ। ਅਸੀਂ ਉਸ ਵਿਚ ਚੜ੍ਹ ਗਏ ਅਤੇ ਫਗਵਾੜੇ ਤੱਕ ਖੜ੍ਹੇ ਹੀ ਗਏ। ਫਗਵਾੜੇ ਦੇ ਬੱਸ ਅੱਡੇ ਵਿਚ ਉਤਰਦੇ ਸਾਰ ਮੇਰੇ ਮੂੰਹੋਂ ਨਿਕਲ ਗਿਆ, ''ਜੇ ਸਵੇਰੇ ਹੀ ਬੱਸ 'ਤੇ ਲੁਧਿਆਣੇ ਨੂੰ ਚਲੇ ਜਾਂਦੇ ਤਾਂ ਹੁਣ ਨੂੰ ਪਿੰਡ ਨਾ ਪਹੁੰਚੇ ਹੁੰਦੇ''। ਸੁਣ ਕੇ ਮਨਜੀਤ ਆਪਣੇ ਸੁਭਾਅ ਅਨੁਸਾਰ ਬੋਲੀ, ''ਕੋਈ ਨਾ ਹੁਣ ਵੀ ਪਹੁੰਚ ਹੀ ਜਾਣਾ ਹੈ।''
ਮਨਜੀਤ ਮੈਨੂੰ ਥੋੜ੍ਹਾ ਚਿਰ ਪਿਛੋਂ ਯਾਦ ਕਰਵਾ ਦਿੰਦੀ ਹੁਣ ਸਮਰਾਲਾ ਬਾਈ ਪਾਸ 'ਤੇ ਉਤਰਨਾ ਨਾ ਭੁੱਲ ਜਾਇਓ, ਨਹੀਂ ਤਾਂ ਨਵੇਂ ਬੱਸ ਅੱਡੇ ਤੱਕ ਦਸ ਬਾਰਾਂ ਕਿਲੋਮੀਟਰ ਦਾ ਗੇੜ ਹੋਰ ਪੈ ਜਾਣਾ। ''ਤੂੰ ਆਪਣੇ ਭਾਈਆਂ ਦੀ ਗ਼ਲਤੀ ਦਾ ਭਾਂਡਾ ਮੇਰੇ ਸਿਰ ਨਾ ਭੰਨ''। ''ਮੈਂ ਤਾਂ ਯਾਦ ਕਰਵਾਇਆ ਬਈ ਸਮਰਾਲਾ ਬਾਈ ਪਾਸ ਚੌਕ ਆਉਣ ਵਾਲਾ''। ਬੱਬੂ ਤਾਂ ਸਾਰੇ ਰਾਹ ਸੁੱਤਾ ਹੀ ਆਇਆ। ਅਸੀਂ ਲੁਧਿਆਣਾ ਪਹੁੰਚ ਕੇ ਸਮਰਾਲਾ ਬਾਈ ਪਾਸ ਚੌਕ ਉੱਤਰ ਗਏ।
ਲੁਧਿਆਣਾ ਦੇ ਨਵੇਂ ਬੱਸ ਅੱਡੇ ਤੋਂ ਚੰਡੀਗੜ੍ਹ -ਮੋਰਿੰਡਾ-ਸਮਰਾਲਾ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਸਾਡੇ ਪਿੰਡ ਵਿਚੋਂ ਹੀ ਹੋ ਕੇ ਜਾਂਦੀਆਂ ਸਨ ( ਹੁਣ ਵੀ ਜਾਂਦੀਆਂ ਹਨ)। ਨਵੇਂ ਅੱਡੇ ਤੋਂ ਜਿਹੜੀ ਵੀ ਬੱਸ ਸਮਰਾਲਾ ਚੌਕ ਵਿਚ ਆ ਕੇ ਰੁਕਦੀ ਉਸਦਾ ਕੰਡਕਟਰ ਆਵਾਜ਼ ਦਿੰਦਾ, ''ਚੰਡੀਗੜ੍ਹ, ਚੰਡੀਗੜ੍ਹ ਰਾਹ ਦੀ ਸਵਾਰੀ ਨਾ ਚੜ੍ਹੇ'' ਮੈਂ ਇਕ ਦੋ ਬੱਸਾਂ ਵਾਲੇ ਨੂੰ ਪੁੱਛਿਆ, ''ਘੁਆੜਾ ਚੜ੍ਹ ਜਾਈਏ ਤਾਂ ਉਹ ਬਹੁਤ ਹੀ ਰੁਖੇਪਣ ਚ ਜਵਾਬ ਦਿੰਦਾ,
''ਪਿੱਛੇ ਹਟ ਪਿੱਛੇ''। ਮਨਜੀਤ ਕਹਿੰਦੀ, ''ਪੁਛਣ ਦੀ ਕੀ ਲੋੜ ਹੈ? ਚੁਪ ਕਰਕੇ ਚੜ੍ਹ ਜੋ''। ਮਂੈਂ ਕਿਹਾ ''ਮੇਰੇ ਕੰਨਾਂ ਨੂੰ ਹੱਥ ਲੱਗੇ ਹੋਏ ਨੇ ਮੈਂ ਕੇਰਾਂ ਬਿਨਾਂ ਪੁੱਛੇ ਚੜ੍ਹ ਗਿਆ ਸੀ। ਮੁੰਡੀਆਂ ਕੋਲ ਜਾ ਕੇ ਕੰਡਕਟਰ ਕਹਿੰਦਾ, ''ਕਿਸ ਨੂੰ ਪੁੱਛ ਕੇ ਚੜ੍ਹਿਆਂ ? ਸੀਟੀ ਮਾਰਕੇ ਬੱਸ ਰੋਕ ਲਈ ਅਤੇ ਉਹ ਮੈਨੂੰ ਬਸ ਚੋਂ ਲਾਹਕੇ ਚਲੇ ਗਏ। ਨਾ ਮੈਂ ਇਧਰ ਜੋਗਾ ਨਾ ਹੀ ਓਧਰ ਜੋਗਾ।'' ਮੈਂ ਆਪਣੇ ਨਾਲ ਬੀਤੀ ਘਟਨਾ ਮਨਜੀਤ ਨੂੰ ਸੁਣਾ ਰਿਹਾ ਸੀ, ਜਦ ਨੂੰ ਚੌਕ ਵਿਚ ਇਕ ਬੱਸ ਹੋਰ ਆ ਗਈ। ਉਸਦੇੇ ਕੰਡਕਟਰ ਨੇ ਬੱਸ ਰੁਕਦੀ ਸਾਰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ''ਮਾਛੀਵਾੜਾ ਘੁਆੜਾ, ਮਾਛੀਵਾੜਾ ਘੁਆੜਾ ''ਮੈਂ ਕਿਹਾ, ''ਲੈ ਹੁਣ ਤੇਰੇ ਪੇਕਿਆਂ ਵਾਲੀ ਬੱਸ ਆ ਗਈ। ਇਹਦੇ ਵਿਚ ਚੜ੍ਹਦੇ ਹਾਂ।'' ਪਰ ਜਦ ਅਸੀਂ ਬਸ ਦੇ ਵਿਚ ਨੂੰ ਝਾਤੀ ਮਾਰੀ ਉਹ ਤੂੜੀ ਵਾਂਗ ਤੁੰਨੀ ਪਈ ਸੀ। ਅਸੀਂ ਧੱਕਾ ਜਿਹਾ ਮਾਰ ਕੇ ਚੜ੍ਹ ਗਏ। ਸੀਟ ਕੋਈ ਖਾਲੀ ਨਹੀਂ ਸੀ। ਅਸੀਂ ਦੋਹਾਂ ਨੇ ਬੱਬੂ ਨੂੰ ਆਪਣੇ ਵਿਚਕਾਰ ਖੜ੍ਹਾ ਲਿਆ। ਕਦੇ ਕੰਡਕਟਰ ਕਹੇ, ''ਅੱਗੇ ਨੂੰ ਹੋ ਜੋ ਕਦੇ ਕਹੇ ਪਿੱਛੇ ਨੂੰ ਹੋ ਜੋ।'' ਬੱਸ ਦੇ ਸਫਰ ਵਿੱੱਚ ਅਸੀਂ ਇਕ ਹੋਰ ਸਫਰ ਪੈਦਲ ਕਰਦੇ, ਕਰਦੇ ਆਪਣੇ ਪਿੰਡ ਜਾ ਉੱਤਰੇ। ਘਰ ਵੜੇ ਹੀ ਸੀ ਕਿ ਬੇੇਬੇ ਕਹਿਣ ਲੱਗੀ, ''ਫਗਵਾੜਿਓਂ ਆਏਂ ਹੋਂ ਕਿ ਕੱਲਕੱਤਿਓਂ ! ਥੋਨੂੰ ਪੰਜਾਹ ਵਾਰ ਕਿਹਾ ਜੁਆਕ ਨਾਲ ਹੋਵੇ ਸਾਝਰੇ ਘਰ ਆ ਜਾਇਆ ਕਰੋ। ਫਿਲਮ ਕਿਸੇ ਦਿਨ ਹੋਰ ਦੇਖ ਲਿਆ ਕਰੋ।'' ਬੇਬੇ ਦੇ ਸਵਾਗਤੀ ਸ਼ਬਦ ਸੁਣਦੇ, ਸੁਣਦੇ ਅਸੀਂ ਬਾਈ ਜੀ ਕੋਲ ਬੈਠਕ ਵਿਚ ਬੈਠ ਕੇ ਸਵੇਰ ਤੋਂ ਲੈ ਕੇ ਘਰ ਪਹੁੰਚਣ ਦੀ ਸਾਰੀ ਕਹਾਣੀ ਸੁਣਾਈ ਤਾਂ ਬਾਈ ਜੀ ਵੀ ਗੁੱਸੇ ਵਿਚ ਬੋਲੇ, ''ਜੇ ਥੋਨੂੰ ਗੱਡੀ ਚੜ੍ਹਾਉਣ ਵਾਲੇ ਇਹੋ ਜਿਹੇ ਸੀ, ਤਾਂ ਤੁਸੀਂ ਵੀ ਪੜ੍ਹੇ ਲਿਖੇ ਬੇਵਕੂਫ ਨਿਕਲੇ।''

-ਮੋਬਾਈਲ : 94633 53760

Ad Position 22
No active advertisement
ਪਿਛਲੀ ਖ਼ਬਰ ਕਹਾਣੀ ਬੱਸ ਕਰ ਰੱਬਾ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *
Ad Position 24
No active advertisement