02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

Ad Position 21
No active advertisement
ਅਜੀਤ ਡੈਸਕ 26-07-2026


ਕਰਨਜੀਤ ਦੀਆਂ ਗ਼ਜ਼ਲਾਂ ਅੰਬਰ 'ਤੇ ਉਡਦੇ ਪੰਛੀਆਂ ਦੀਆਂ ਚਹਿਚਹਾਟਾਂ ਵਰਗੀਆਂ ਜਾਪਦੀਆਂ ਹਨ ਜੋ ਸਫ਼ਰ ਦੌਰਾਨ ਵੀ ਸੰਗੀਤਕ ਧੁਨਾਂ ਛੇੜਦੀਆਂ ਹਨ। ਨਕੋਦਰ ਦੇ ਜੰਮਪਲ ਤੇ ਵੀਹ ਅਪ੍ਰੈਲ 1974 ਨੂੰ ਪੈਦਾ ਹੋਏ ਕਰਨਜੀਤ ਨੂੰ ਗ਼ਜ਼ਲ ਕਹਿੰਦਿਆਂ ਭਾਵੇਂ ਬਹੁਤੀ ਦੇਰ ਨਹੀਂ ਹੋਈ ਪਰ ਉਸ ਨੇ ਆਪਣੀ ਯੋਗਤਾ, ਕਾਰਜਸ਼ੀਲਤਾ ਤੇ ਸ਼ੈਲੀ ਕਾਰਨ ਪੰਜਾਬੀ ਗ਼ਜ਼ਲਕਾਰਾਂ ਵਿਚ ਆਪਣਾ ਨਾਂਅ ਰਾਖਵਾਂ ਕਰਵਾ ਲਿਆ ਹੈ। ਕਰਨਜੀਤ ਲਈ ਅਵਾਮ ਦੀਆਂ ਤਕਲੀਫ਼ਾਂ ਬਾਰੇ ਲਿਖਣਾ ਵੀ ਮਹੱਤਵਪੂਰਨ ਹੈ ਤੇ ਆਪਣੀ ਮੁਹੱਬਤ ਲਈ ਵੀ। ਉਸ ਨੇ ਪੰਜਾਬੀ ਤੇ ਉਰਦੂ ਅਦਬ ਦਾ ਮਰਕਜ਼ ਰਹੇ ਨਕੋਦਰ ਇਲਾਕੇ ਦੀ ਵਿਰਾਸਤ ਨੂੰ ਹੋਰ ਅੱਗੇ ਵਧਾਇਆ ਹੈ ਅਤੇ ਉਸ ਦੇ ਗ਼ਜ਼ਲ-ਸੰਗ੍ਰਹਿ 'ਉਸਨੂੰ ਆਖੋ' ਨੂੰ ਗ਼ਜ਼ਲ ਦੇ ਪਾਠਕਾਂ ਵਲੋਂ ਕਾਫ਼ੀ ਸਰਾਹਿਆ ਗਿਆ ਹੈ। ਵੱਖਰੀ ਸੁਰ ਦੀ ਗ਼ਜ਼ਲ ਲਿਖਣ ਵਾਲੇ ਇਸ ਗ਼ਜ਼ਲਕਾਰ ਦਾ ਇਸ਼ਕ ਸੰਗੀਤ ਨਾਲ ਵੀ ਰਿਹਾ ਹੈ ਤੇ ਉਹ ਮੰਚ 'ਤੇ ਜ਼ਿਆਦਾਤਰ ਤਰੰਨੁਮ ਵਿਚ ਹੀ ਪੇਸ਼ਕਾਰੀ ਦਿੰਦਾ ਹੈ। ਪੇਸ਼ ਹਨ ਕਰਨਜੀਤ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002

ਲਹੂ ਦਾ ਆਖ਼ਰੀ ਕਤਰਾ ਜਦੋਂ ਤੱਕ ਹੈ ਰਗਾਂ ਅੰਦਰ।
ਰਹੇਗੀ ਓਸ ਵੇਲੇ ਤੱਕ ਮੁਹੱਬਤ ਵੀ ਰਵਾਂ ਅੰਦਰ।

ਹਵਾ ਪਾਣੀ 'ਚ, ਫੁੱਲ, ਪੱਤਿਆਂ 'ਚ, ਤੂੰ ਸਭ ਮੌਸਮਾਂ ਅੰਦਰ।
ਤੇ ਕੁੱਝ ਨਾਦਾਨ ਤੈਨੂੰ ਲੱਭ ਰਹੇ ਬਸ ਪੱਥਰਾਂ ਅੰਦਰ।

ਕਿਵੇਂ ਦੱਸਾਂ ਕਿ ਮੇਰੀ ਰੂਹ ਨੂੰ ਤੇਰੀ ਪਿਆਸ ਹੈ ਕਿੰਨੀ,
ਜੇ ਵੱਸ ਚੱਲੇ ਤਾਂ ਤੈਨੂੰ ਜਜ਼ਬ ਸਾਰਾ ਕਰ ਲਵਾਂ ਅੰਦਰ।

ਕੋਈ ਆਵੇ, ਰੁਲਾਵੇ, ਰੋ ਨਹੀਂ ਹੁੰਦਾ, ਮੈਂ ਰੋਣਾ ਹੈ,
ਹੈ ਜੰਮੀ ਪੀੜ, ਕਾਈ ਜੰਮ ਗਈ ਜਿਉਂ ਪਾਣੀਆਂ ਅੰਦਰ।

ਵਫ਼ਾ ਕਰਨੀ ਜਾਂ ਨਈਂ ਕਰਨੀ ਸੁਭਾਅ 'ਤੇ ਹੀ ਮੁਨੱਸਰ ਹੈ,
ਵਫ਼ਾ ਕਿੰਝ ਭਰ ਦਿਆਂ ਮੈਂ ਜ਼ਬਰਦਸਤੀ ਦੋਸਤਾਂ ਅੰਦਰ।

ਜ਼ਮਾਨੇ ਓਸ ਨੇ ਲਾਏ ਸੀ ਮੇਰਾ ਹੋਣ ਨੂੰ ਐਪਰ,
ਬੇਗਾਨਾ ਹੋਣ ਲੱਗਿਆਂ ਹੋ ਗਿਆ ਬਸ ਕੁਝ ਪਲਾਂ ਅੰਦਰ।
*


*
ਮਸਤੀਆਂ ਵਿਚ ਗੁਨਗੁਨਾਂਉਂਦਾ ਸੀ ਕਦੇ।
ਵਕਤ ਸੀ, ਮੈਂ ਮੁਸਕਰਾਉਂਦਾ ਸੀ ਕਦੇ।

ਖ਼ਾਬ ਤਾਂ ਹੀ ਸੌਣ ਅੱਜ ਦਿੰਦੇ ਨਹੀਂ,
ਖ਼ਾਬ ਮੈਂ ਸੁੱਤੇ ਜਗਾਉਂਦਾ ਸੀ ਕਦੇ।

ਉਹ ਤਾਂ ਮੇਰੇ ਕੋਲ ਬਹਿਣੋਂ ਵੀ ਗਿਆ,
ਜਿਸ ਨੂੰ ਪਲਕਾਂ 'ਤੇ ਬਿਠਾਉਂਦਾ ਸੀ ਕਦੇ।

ਬੇਸਹਾਰਾ ਛੱਡ ਕੇ ਉਸ ਨੂੰ ਤੁਰ ਗਿਓਂ,
ਤੈਨੂੰ ਜੋ ਤੁਰਨਾ ਸਿਖਾਉਂਦਾ ਸੀ ਕਦੇ।

ਓਸ ਸ਼ੀਸ਼ੇ ਨੇ ਵੀ ਨਜ਼ਰਾਂ ਫੇਰੀਆਂ,
ਜੋ ਮੇਰਾ ਚਿਹਰਾ ਵਿਖਾਉਂਦਾ ਸੀ ਕਦੇ।

ਹੁਣ ਕਿਨਾਰੇ ਬਹਿ ਕੇ ਲਹਿਰਾਂ ਵੇਖਦਾਂ,
ਮੈਂ ਸਮੁੰਦਰ ਤੈਰ ਆਉਂਦਾ ਸੀ ਕਦੇ।

Ad Position 22
No active advertisement
ਪਿਛਲੀ ਖ਼ਬਰ ਛੋਟਾ ਭਾਂਡਾ ਅਗਲੀ ਖ਼ਬਰ 'ਸਾਹਿਰ' ਲੁਧਿਆਣਵੀ (08 ਮਾਰਚ 1921 ਤੋਂ 25 ਅਕਤੂਬਰ, 1980 ਤੱਕ)
Ad Position 24
No active advertisement