02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

Ad Position 21
No active advertisement
ਅਜੀਤ ਡੈਸਕ 02-08-2026

ਸੁਰਿੰਦਰ ਸਵੇਰ ਤੋਂ ਹੀ ਪ੍ਰੇਸ਼ਾਨ ਸੀ, ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਅਖੀਰ ਉਸ ਨੂੰ ਖਿਆਲ ਆਇਆ ਕਿ ਚਾਚਾ ਜੀ ਨਾਲ ਗੱਲ ਕਰਾਂ ਤੇ ਉਹ ਚਾਚਾ ਜੀ ਦੇ ਘਰ ਚਲਾ ਗਿਆ।
'ਛਿੰਦੇ ਤੂੰ ਚੰਗਾ ਕੀਤਾ ਆ ਗਿਆ, ਮੈਂ ਆਪ ਤੈਨੂੰ ਮਿਲਣਾ ਚਾਹੁੰਦਾ ਸਾਂ, ਨਾਨਕ ਛੱਕ ਬਾਰੇ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਸਾਂ। ਪੁੱਤਰਾ ਸਾਡੇ ਸਾਰੇ ਭਾਈਚਾਰੇ ਵਿਚ ਮਨੀਸ਼ਾ ਬੇਟੀ ਇਕੱਲੀ ਇਕੋ ਇਕ ਧੀ ਹੈ ਤੇ ਆਪਾਂ ਨੇ ਰਲ-ਮਿਲ ਕੇ ਪੂਰੀ ਗਹਿ-ਗੱਡਵੀਂ ਨਾਨਕ ਛੱਕ ਲਾਉਣੀ। ਧੀ ਭੈਣ ਦਾ ਉਸ ਦੇ ਸ਼ਰੀਕੇ ਵਿਚ ਪੂਰਾ ਮਾਣ-ਇੱਜ਼ਤ ਵਧਾਉਣਾ, ਬਾਈ ਹੁੰਦਾ ਤਾਂ ਮੈਨੂੰ ਕੋਈ ਫਿਰਕ ਨਹੀਂ ਸੀ, ਪਰ ਹੁਣ ਤਾਂ ਮੈਂ ਤੁਹਾਡੇ ਨਾਲ ਹੀ ਸਲਾਹ ਕਰਨੀ।'
'ਪਰ ਚਾਚਾ ਜੀ ਮੈਂ ਤਾਂ ਆਪ ਉਲਝਣ ਵਿਚ ਫਸ ਗਿਆਂ, ਧਰਮ ਸੰਕਟ ਵਿਚ ਫਸ ਗਿਆਂ।'
'ਕੀ ਗੱਲ ਹੋਈ ਪੁੱਤਰਾ, ਦੱਸ ਮੈਨੂੰ।' ਸੁਰਿੰਦਰ ਦੀ ਪਿੱਠ 'ਤੇ ਹੱਥ ਫੇਰਦਾ ਕਰਮ ਚੰਦ ਬੋਲਿਆ।
'ਚਾਚਾ ਜੀ ਰਾਤੀਂ ਇੰਦਰ ਵੀਰ ਦਾ ਫੋਨ ਆਇਆ ਸੀ ਕਿ ਜੇਕਰ ਤੂੰ ਮਨੀਸ਼ਾ ਨਾਲ ਵਰਤਣਾ ਉਸ ਦੇ ਕਾਰਜ ਵਿਚ ਜਾਣਾ, ਫੇਰ ਮੈਂ ਤੇਰੇ ਨਾਲ ਨੀਂ ਵਰਤਣਾ।'
'ਹੈਂ! ਕੀ ਹੋਇਆ ਉਸ ਨੂੰ, ਭੈਣ ਭਰਾ ਵਿਚ ਅਣਬਣ ਹੈ?' ਕਰਮ ਚੰਦ ਹੈਰਾਨ ਹੋ ਕੇ ਬੋਲਿਆ।
'ਹਾਂ ਚਾਚਾ ਜੀ, ਉਨ੍ਹਾਂ ਦੀ ਲੈਣ-ਦੇਣ 'ਚ ਵਿਗੜੀ ਹੋਈ ਹੈ। ਅਸਲ ਵਿਚ ਚਾਚਾ ਜੀ ਜਦੋਂ ਡੈਡੀ ਸਨ ਤਾਂ ਮਨੀਸ਼ਾ ਭੈਣ ਨੇ ਡੈਡੀ ਤੋਂ ਰੁਪਏ ਮੰਗੇ ਸਨ ਤੇ ਕੁਦਰਤੀ ਉਦੋਂ ਡੈਡੀ ਜੀ ਕੋਲ ਰੁਪਏ ਨਹੀਂ ਸਨ ਤੇ ਉਨ੍ਹਾਂ ਨੇ ਭੈਣ ਨੂੰ ਕਹਿ ਦਿੱਤਾ ਸੀ ਕਿ ਮੈਂ ਵਰਿੰਦਰ ਨੂੰ ਕਹਿ ਦਿੰਦਾ ਹਾਂ, ਤੂੰ ਉਸ ਤੋਂ ਰੁਪਏ ਲੈ ਲਈਂ ਤੇ ਭੈਣ ਨੂੰ  ਰੁਪਏ ਮਿਲ ਗਏ ਸਨ। ਵਕਤ ਕਾਫੀ ਬੀਤ ਗਿਆ। ਡੈਡੀ ਜੀ ਵੀ ਗੁਜ਼ਰ ਗਏ ਤੇ ਰੁਪਏ ਪੈਸੇ ਦੀ ਕਦੇ ਗੱਲ ਨੀਂ ਹੋਈ ਤੇ ਪਿਛਲੇ ਸਾਲ ਵੀਰ ਨੇ ਭੈਣ ਨੂੰ ਰੁਪਏ ਵਾਪਸ ਕਰਨ ਲਈ ਕਿਹਾ ਤਾਂ ਭੈਣ ਨੇ ਜਵਾਬ ਦਿੱਤਾ ਕਿ ਮੈਨੂੰ ਡੈਡੀ ਜੀ ਨੇ ਕਿਹਾ ਸੀ ਕਿ ਮੈਂ ਤੇਰੀ ਸਹਾਇਤਾ ਕਰਨੀ ਚਾਹੁੰਦਾ ਹਾਂ, ਜਦੋਂ ਤੈਨੂੰ ਰੁਪਏ ਪੈਸਿਆਂ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੇਵੀਂ। ਮੈਂ ਰੁਪਏ ਉਧਾਰ ਨਹੀਂ ਸੀ ਮੰਗੇ ਮੈਂ ਤਾਂ ਉਹ ਮੰਗੇ ਸਨ ਜੋ ਡੈਡੀ ਜੀ ਨੇ ਮੈਨੂੰ ਸਹਾਇਤਾ ਲਈ ਕਹੇ ਸਨ ਤੇ ਚਾਚਾ ਜੀ ਡੈਡੀ ਜੀ ਨੇ ਕਦੇ ਇਸ ਬਾਰੇ ਕਦੇ ਕੁਝ ਕਿਹਾ ਹੀ ਨਹੀਂ ਸੀ, ਡੈਡੀ ਜੀ ਨਾ ਕੋਈ ਵਸੀਅਤ ਲਿਖ ਕੇ ਗਏ ਸੀ ਕਿ ਹੁਣ ਕੀ ਕਰੀਏ। ਬਾਅਦ ਵਿਚ ਤੁਹਾਨੂੰ ਪਤਾ ਹੀ ਹੈ ਕਿਵੇਂ ਸਭ ਕੁਝ ਆਪਣੇ ਨਾਂਅ ਕਰਵਾਇਆ।
'ਦੇਖੋ ਪੁੱਤਰ ਜੀ, ਇਹ ਤਾਂ ਵਿਸ਼ਵਾਸ ਦੀ ਗੱਲ ਹੈ, ਤੁਹਾਨੂੰ ਆਪਣੇ ਪਿਓ ਤੇ ਭੈਣ 'ਤੇ ਵਿਸ਼ਵਾਸ ਹੈ, ਜੇਕਰ ਵਿਸ਼ਵਾਸ ਹੈ ਤਾਂ ਭੈਣ ਸੱਚ ਕਹਿੰਦੀ ਹੈ, ਜੇ ਨਹੀਂ ਤਾਂ ਤੁਸੀਂ ਜੋ ਮਰਜ਼ੀ ਕਹਿ ਲਓ। ਬਾਕੀ ਬਾਈ ਨੂੰ ਕੀ ਪਤਾ ਸੀ ਕਿ ਮੈਂ ਏਨੀ ਛੇਤੀ ਤੁਰ ਜਾਣਾ, ਵਸੀਅਤਾਂ ਬਾਰੇ ਤਾਂ ਬੰਦਾ ਅਖੀਰ ਵਿਚ ਸੋਚਦਾ। ਬਾਕੀ ਪੁੱਤ ਤੁਹਾਡਾ ਪਿਓ, ਤੁਹਾਨੂੰ ਬਹੁਤ ਕੁਝ ਛੱਡ ਗਿਆ, ਜੇਕਰ ਤੁਹਾਡੀ ਭੈਣ ਉਸ ਵਿਚੋਂ ਮਾੜਾ ਮੋਟਾ ਕੁਝ ਲੈ ਗਈ, ਤੁਹਾਨੂੰ ਘਾਟਾ ਨੀਂ ਪੈਣਾ ਲੱਗਾ। ਬਾਕੀ ਆਪਾਂ ਕੱਲ੍ਹ ਵਰਿੰਦਰ ਕੋਲ ਚੱਲਾਂਗੇ। ਉਸ ਨੂੰ ਸਮਝਾਵਾਂਗੇ, ਰੁਪਿਆਂ ਕਾਰਨ ਰਿਸ਼ਤੇ ਟੁੱਟਣੇ ਨਹੀਂ ਚਾਹੀਦੇ। ਜੇਕਰ ਸਮਝ ਗਿਆ ਤਾਂ ਠੀਕ, ਨਹੀਂ ਫੇਰ ਉਹ ਇਕੱਲੇ ਤੇਰੇ ਨਾਲੋਂ ਵੀ ਟੁੱਟੂਗਾ, ਸਾਡੇ ਨਾਲੋਂ ਵੀ ਟੁੱਟੂਗਾ। ਮੈਂ ਬਾਈ ਦੇ ਥਾਂ ਖੜ੍ਹਾ ਆਪਣੀ ਧੀ ਦੀ ਸ਼ਰੀਕੇ ਵਿਚ ਬੇਇੱਜ਼ਤੀ ਨੀਂ ਹੋਣ ਦੇਣੀ। ਤੂੰ ਜਾਹ ਬੇਫਿਕਰ ਹੋ ਕੇ ਤਿਆਰੀ ਕਰ।
-ਮੋਬਾਈਲ : 98769-31529

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸਾਹਿਬਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਅੰਦਰਲੀ ਦੁਰਦਸ਼ਾ ’ਤੇ ਉੱਠੇ ਸਵਾਲ ਅਗਲੀ ਖ਼ਬਰ ਮੁੰਡਾ ਨਹੀਂ, ਬੰਦਾ
Ad Position 24
No active advertisement