16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੁੰਡਾ ਨਹੀਂ, ਬੰਦਾ

ਮੁੰਡਾ ਨਹੀਂ, ਬੰਦਾ

Ad Position 21
repet_subhas-goyals [Copy P29]
ਅਜੀਤ ਡੈਸਕ 02-08-2026

ਰਾਣੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਬਚਪਨ ਤੋਂ ਹੀ ਉਹ ਬਹੁਤ ਹੀ ਸੁਸ਼ੀਲ, ਸਿਆਣੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਸੀ। ਮਾਪਿਆਂ ਨੇ ਆਪਣੀਆਂ ਲੋੜਾਂ ਘਟਾ ਕੇ ਉਸ ਨੂੰ ਉੱਚੀ ਸਿੱਖਿਆ ਦਿਵਾਈ। ਮਿਹਨਤ ਦਾ ਫਲ ਮਿਲਿਆ ਅਤੇ ਰਾਣੀ ਸਰਕਾਰੀ ਸਕੂਲ ਵਿਚ ਅਧਿਆਪਕਾ ਨਿਯੁਕਤ ਹੋ ਗਈ। ਹੁਣ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਉਸ ਦੇ ਵਿਆਹ ਦੀ ਸੀ।

ਕੁਝ ਦਿਨਾਂ ਬਾਅਦ ਇਕ ਚੰਗੇ ਘਰੋਂ ਰਿਸ਼ਤਾ ਆਇਆ। ਦੱਸਣ ਵਾਲਿਆਂ ਨੇ ਲੜਕੇ ਦੀ ਬਹੁਤ ਤਾਰੀਫ਼ ਕੀਤੀ, ਸਰਕਾਰੀ ਅਧਿਆਪਕ, ਪੜ੍ਹਿਆ-ਲਿਖਿਆ, ਚੰਗੇ ਪਰਿਵਾਰ ਨਾਲ ਸੰਬੰਧਿਤ ਅਤੇ ਨਸ਼ਿਆਂ ਤੋਂ ਦੂਰ।
ਦੋਵਾਂ ਪਰਿਵਾਰਾਂ ਨੇ ਮਿਲਣ ਲਈ ਇਕ ਦਿਨ, ਸਮਾਂ ਤੇ ਸਥਾਨ ਤੈਅ ਕਰ ਲਿਆ। ਮੁਲਾਕਾਤ ਦਾ ਮਾਹੌਲ ਬਹੁਤ ਸੁਖਾਵਾਂ ਰਿਹਾ। ਚਾਹ ਦੇ ਕੱਪਾਂ ਨਾਲ ਗੱਲਾਂ ਚੱਲਦੀਆਂ ਰਹੀਆਂ। ਲੜਕੇ ਨੇ ਸਲੀਕੇ ਨਾਲ ਹਰ ਸਵਾਲ ਦਾ ਜਵਾਬ ਦਿੱਤਾ। ਰਾਣੀ ਨਾਲ ਵੀ ਉਸ ਦੀ ਕੁਝ ਦੇਰ ਇਕੱਲੇ ਗੱਲਬਾਤ ਹੋਈ। ਦੋਵੇਂ ਇਕ-ਦੂਜੇ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਰਹੇ।
ਘਰ ਪਰਤਣ ਤੋਂ ਬਾਅਦ ਮਾਪਿਆਂ ਨੇ ਉਤਸੁਕਤਾ ਨਾਲ ਪੁੱਛਿਆ, 'ਧੀਏ, ਮੁੰਡਾ ਕਿਵੇਂ ਲੱਗਿਆ?' ਰਾਣੀ ਕੁਝ ਪਲ ਚੁੱਪ ਰਹੀ। ਫਿਰ ਹੌਲੀ ਜਿਹੀ ਮੁਸਕਰਾਈ ਅਤੇ ਬੋਲੀ, 'ਬਾਕੀ ਤਾਂ ਸਭ ਕੁਝ ਠੀਕ ਹੈ... ਪਰ ਇਕ ਗੱਲ ਹੈ।'
'ਕਿਹੜੀ ਗੱਲ?' ਪਿਤਾ ਨੇ ਹੈਰਾਨੀ ਨਾਲ ਪੁੱਛਿਆ।
ਰਾਣੀ ਨੇ ਕਿਹਾ, 'ਉਹ ਮੁੰਡਾ ਨਹੀਂ... ਬੰਦਾ ਲੱਗ ਰਿਹਾ।'
ਪਿਤਾ ਉਸ ਦੀ ਗੱਲ ਸਮਝ ਨਾ ਸਕਿਆ। ਉਹ ਕਹਿਣ ਲੱਗਾ, 'ਧੀਏ, ਗੱਲਾਂ-ਬਾਤਾਂ ਵੀ ਠੀਕ ਕਰਦਾ ਹੈ, ਦੋਵੇਂ ਅੱਖਾਂ ਵੀ ਠੀਕ ਹਨ, ਤੁਰਦਾ-ਫਿਰਦਾ ਵੀ ਵਧੀਆ ਹੈ, ਸਰਕਾਰੀ ਮਾਸਟਰ ਹੈ। ਫਿਰ ਹੋਰ ਕੀ ਚਾਹੀਦਾ?'
ਰਾਣੀ ਮੁਸਕਰਾਈ ਅਤੇ ਬੋਲੀ, 'ਪਾਪਾ, ਅੱਜ-ਕੱਲ੍ਹ ਮੁੰਡੇ ਬਹੁਤ ਮਿਲ ਜਾਂਦੇ ਹਨ, ਪਰ ਬੰਦੇ ਬਹੁਤ ਘੱਟ ਮਿਲਦੇ ਹਨ। ਉਸ ਦੀਆਂ ਗੱਲਾਂ ਵਿਚ ਔਰਤ ਲਈ ਸਤਿਕਾਰ ਸੀ, ਬਜ਼ੁਰਗਾਂ ਲਈ ਆਦਰ ਸੀ, ਦਿਖਾਵਾ ਨਹੀਂ ਸੀ, ਹਉਮੈ ਨਹੀਂ ਸੀ। ਉਹ ਆਪਣੇ ਅਹੁਦੇ ਨਾਲ ਨਹੀਂ, ਆਪਣੇ ਸੁਭਾਅ ਨਾਲ ਵੱਡਾ ਲੱਗਿਆ। ਇਸ ਲਈ ਮੈਂ ਕਿਹਾ ਕਿ ਉਹ ਮੁੰਡਾ ਨਹੀਂ, ਬੰਦਾ ਲੱਗ ਰਿਹਾ।'
ਧੀ ਦੀ ਗੱਲ ਸੁਣ ਕੇ ਪਿਤਾ ਦੀਆਂ ਅੱਖਾਂ ਵਿਚ ਸੰਤੁਸ਼ਟੀ ਦੀ ਚਮਕ ਆ ਗਈ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਧੀ ਨੇ ਡਿਗਰੀ ਜਾਂ ਨੌਕਰੀ ਨਹੀਂ, ਸਗੋਂ ਇਨਸਾਨੀਅਤ ਨੂੰ ਪਛਾਣਿਆ ਹੈ।
ਉਨ੍ਹਾਂ ਨੇ ਮੁਸਕਰਾਉਂਦਿਆਂ ਕਿਹਾ, 'ਧੀਏ, ਅੱਜ ਤੂੰ ਸਾਬਤ ਕਰ ਦਿੱਤਾ ਕਿ ਰਿਸ਼ਤੇ ਚਿਹਰਿਆਂ ਜਾਂ ਤਨਖ਼ਾਹ ਨਾਲ ਨਹੀਂ, ਚੰਗੇ ਕਿਰਦਾਰ ਨਾਲ ਨਿਭਦੇ ਹਨ।'
ਉਸ ਦਿਨ ਮਾਪਿਆਂ ਨੂੰ ਆਪਣੀ ਧੀ ਦੀ ਸਿਆਣਪ 'ਤੇ ਪਹਿਲਾਂ ਨਾਲੋਂ ਵੀ ਵੱਧ ਮਾਣ ਹੋਇਆ। ਆਖਿਰ ਇਹ ਰਿਸ਼ਤਾ ਤੈਅ ਹੋ ਗਿਆ।
-ਉੱਤਮ ਗਾਰਡਨ ਕਲੋਨੀ, ਮਨਵਾਲ, ਪਠਾਨਕੋਟ (ਪੰਜਾਬ)
ਮੋਬਾਈਲ : 9417427656

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀਆਂ ਅਗਲੀ ਖ਼ਬਰ ਸਮਾਧਾਨ
Ad Position 24